Location via proxy:   [ UP ]  
[Report a bug]   [Manage cookies]                
ਸਮੱਗਰੀ 'ਤੇ ਜਾਓ

ਲੋਕਧਾਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਾਦੂ ਦਾ ਕਾਲੀਨ ਇੱਕ ਦੰਦਕਥਾਈ ਕਾਲੀਨ ਹੈ, ਜਿਹੜਾ ਲੋਕਾਂ ਨੂੰ ਤੁਰਤ ਅਤੇ ਤੇਜ਼ੀ ਨਾਲ ਉਨ੍ਹਾਂ ਦੀ ਮੰਜ਼ਿਲ ਤੇ ਲਿਜਾਣ ਲਈ ਇਸਤੇਮਾਲ ਕੀਤਾ ਜਾ ਸਕਦਾ ਸੀ

ਲੋਕਧਾਰਾ (ਅੰਗਰੇਜ਼ੀ: 'folklore') ਕਿਸੇ ਲੋਕ ਭਾਈਚਾਰੇ ਵਿੱਚ ਪ੍ਰਵਾਹਮਾਨ ਲੋਕ ਗੀਤਾਂ, ਲੋਕ ਸੰਗੀਤ, ਲੋਕ ਨਾਚ, ਮਿਥਾਂ, ਲੋਕ ਕਹਾਣੀਆਂ, ਦੰਦ ਕਥਾਵਾਂ, ਜ਼ਬਾਨੀ ਇਤਿਹਾਸ, ਕਹਾਵਤਾਂ, ਵਿਅੰਗ, ਬੁਝਾਰਤਾਂ, ਲੋਕ ਧਰਮ, ਲੋਕ ਵਿਸ਼ਵਾਸ, ਜਾਦੂ-ਟੂਣੇ, ਵਹਿਮ-ਭਰਮ, ਲੋਕ ਸਾਜ਼, ਸੰਦ, ਬਰਤਨ ਭਾਂਡੇ ਅਤੇ ਲੋਕ ਹਥਿਆਰਾਂ ਆਦਿ ਦਾ ਇੱਕ ਜਟਿਲ ਤਾਣਾ ਬਾਣਾ ਹੁੰਦਾ ਹੈ। ਇਸ ਨੂੰ ਅਸੀਂ ਚਾਰ ਵੰਨਗੀਆਂ ਵਿੱਚ ਵੰਡਦੇ ਹਾਂ। [1]

ਲੋਕਧਾਰਾ ਦੀ ਪਰਿਭਾਸ਼ਾ

[ਸੋਧੋ]

ਅੱਜ ਦੇ ਬਹੁਤ ਤੇਜ਼ੀ ਨਾਲ ਬਦਲ ਰਹੇ ਸਮੇਂ ਵਿੱਚ ਮਨੁੱਖ ਸੌਖ ਪਸੰਦੀ ਵਾਲੀ ਜੀਵਨ ਸ਼ੈਲੀ ਨੂੰ ਅਪਣਾ ਰਹੇ ਹਨ। ਇਸ ਅਪਣਾਉਣ ਦੇ ਵਿਚੋਂ ਉਨ੍ਹਾਂ ਦੀ ਪਰੰਪਰਾ ਦੇ ਨਾਲ ਜੁੜਿਆ ਬਹੁਤ ਕੁਝ ਛੁਟ ਰਿਹਾ ਹੈ। ਇਸ ਹੇਰਵੇ ਦੇ ਅਧੀਨ ਆਪਣੀ ਵਿਰਾਸਤ ਦੀ ਸੰਭਾਲ ਕਿਤਾਬਾਂ, ਕੈਸਟਾਂ ਅਤੇ ਸੀ.ਡੀ. ਆਦਿ ਦੀ ਵਰਤੋਂ ਰਾਹੀਂ ਸਾਂਭਣ ਦੀ ਕੋਸ਼ਿਸ਼ ਕਰਦੇ ਹਨ। ‘ਲੋਕਧਾਰਾ ਅਜਿਹਾ ਹੀ ਅਨੁਸ਼ਾਸ਼ਨ ਹੈ, ਜਿਸਦੀ ਕੋਈ ਇੱਕ ਪਰਿਭਾਸ਼ਾ ਨਿਸ਼ਚਿਤ ਨਹੀਂ ਕੀਤੀ ਜਾ ਸਕੀ ਹੈ।

ਲੋਕਧਾਰਾ ਅੰਗਰੇਜ਼ੀ ਦੇ ਸ਼ਬਦ "ਫੋਕਲੋਰ" ਦਾ ਸਮਾਨਾਰਥਕ ਹੈ। ‘ਫੋਕਲੋਰ` ਸ਼ਬਦ ਦੀ ਪਹਿਲੀ ਵਾਰ ਵਰਤੋਂ 1846 ਈ. ਵਿੱਚ ਇੱਕ ਅੰਗਰੇਜ਼ੀ ਵਿਦਵਾਨ 'ਵਿਲੀਅਮ ਜਾਨ ਥਾਮਸ' ਨੇ ਕੀਤੀ। ਇੱਕ ਗਿਆਨ ਦੇ ਨਵੇਂ ਖੇਤਰ ਦੇ ਰੂਪ ਵਿੱਚ ਲੋਕਧਾਰਾ ਦਾ ਉਦਗਮ ਜਰਮਨ ਭਰਾਵਾਂ "ਜੈਕੁਬ ਅਤੇ ਵਿਲੀਅਮ ਗਰਿਮ" ਦੁਆਰਾ ਮੌਖਿਕ ਬਿਰਤਾਂਤਾਂ ਦੇ ਇਕੱਤਰੀਕਰਨ, ਸੰਕਲਨ ਅਤੇ ਮਿਥਿਹਾਸ ਦੇ ਅਧਿਐਨ ਤੇ ਆਧਾਰਿਤ ਪ੍ਰਭਾਵਸ਼ਾਲੀ ਪੁਸਤਕਾਂ ਦੀ ਪ੍ਰਕਾਸ਼ਨਾਂ ਨਾਲ ਹੋਇਆ। ਉਨੀਵੀਂ ਸਦੀ ਵਿੱਚ ਪੱਛਮ ਵਿੱਚ ਲੋਕਧਾਰਾ ਅਧਿਐਨ ਲਈ ਵਿਭਿੰਨ ਅਧਿਐਨ ਪ੍ਰਣਾਲੀਆਂ ਦਾ ਵਿਕਾਸ ਹੋਣਾ ਆਰੰਭ ਹੋ ਗਿਆ।[2] ਪੰਜਾਬੀ ਵਿੱਚ ਫੋਕਲੋਰ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਬਾਵਾ ਬੁੱਧ ਸਿੰਘ ਨੇ ਕੀਤੀ। ਵਣਜਾਰਾ ਬੇਦੀ ਦੇ ਵਿਚਾਰ ਅਨੁਸਾਰ ਰਾਜਾ ਰਸਾਲੂ ਵਿੱਚ ਬਾਵਾ ਬੁੱਧ ਸਿੰਘ ਨੇ ‘ਫੋਕਲੋਰ` ਸ਼ਬਦ ਦੀ ਵਰਤੋਂ ਕੀਤੀ, ਇੱਕ ਵਾਰ ਤਾਂ ਫੋਕਲੋਰ ਨੂੰ ਤਤਸਮ ਰੂਪ ਵਿੱਚ ਹੀ ਵਰਤ ਕੇ ਕੰਮ ਸਾਰ ਲਿਆ ਹੈ। ਪਰ ਦੂਜੀ ਤੇ ਤੀਜੀ ਵਾਰ ਫੋਕਲੋਰ ਦਾ ਪੰਜਾਬੀ ਅਨੁਵਾਦ "ਕਹਾਣੀ" ਕੀਤਾ।[3] "ਇਨਸਾਈਕਲੋਪੀਡੀਆ ਬ੍ਰਿਟੇਨਕਾ" ਦੇ ਅਨੁਸਾਰ, ਫੋਕਲੋਰ ਆਮ ਲੋਕਾਂ ਦੇ ਉਹ ਪਰੰਪਰਾਗਤ ਵਿਸ਼ਵਾਸਾਂ, ਵਹਿਮਾਂ-ਭਰਮਾਂ, ਸ਼ਿਸ਼ਟਾਚਾਰਾਂ, ਰਸਮਾਂ-ਰੀਤਾਂ ਤੇੇ ਕਰਮ-ਕਾਂਡਾਂ ਦਾ ਸੋਮਾ ਹੈ। ਜਿਹੜੇ ਆਦਿ ਕਾਲ ਤੋਂ ਚਲੇ ਆ ਰਹੇ ਹਨ ਅਤੇ ਸਮਕਾਲੀ ਗਿਆਨ ਤੇ ਧਰਮ ਦੇ ਸਥਾਪਿਤ ਪੈਟਰਨਾਂ ਤੋਂ ਬਾਹਰ ਵੀ ਖੰਡਿਤ, ਸੁਧਰੇ ਪਰ ਨਿਸਬਤਨ ਬਦਲਦੇ ਰੂਪ ਵਿੱਚ ਆਧੁਨਿਕ ਯੁਗ ਤੀਕ ਵੀ ਹੋਂਦ ਕਾਇਮ ਕਰਦੇ ਹਨ। ਡਾ. ਭੁਪਿੰਦਰ ਸਿੰਘ ਖਹਿਰਾ ਅਨੁਸਾਰ, “ਸਮੇਂ ਸਥਾਨ ਤੇ ਸਨਮੁਖ ਪਰਿਸਥਿਤੀਆਂ ਦੇ ਪ੍ਰਸੰਗ ਵਿੱਚ ਲੋਕ ਸਮੂਹ ਦੀ ਸਭਿਆਚਾਰਕ ਸੋਚਣੀ ਦਾ ਵਿਅਕਤ ਰੂਪ ਹੀ ਲੋਕਧਾਰਾ ਹੈ। ਇਸ ਪ੍ਰਗਟਾਅ ਲਈ ਵਰਤੀ ਗਈ ਸਮੱਗਰੀ ਅਤੇ ਮਾਧਿਅਮ ਦੀ ਕਿਸਮ ਲੋਕਧਾਰਾ ਦੇ ਵਿਭਿੰਨ ਰੂਪਾਂ ਨੂੰ ਨਿਰਧਾਰਿਤ ਕਰਦੀ ਹੈ। ਜਿਵੇਂ ਉਚਾਰ ਤੇ ਸੰਗੀਤ ਦੇ ਮਾਧਿਅਮ ਦੇ ਸੁਮੇਲ ਤੋਂ ਲੋਕਗੀਤ ਬਣਦਾ ਉਚਾਰ ਤੇ ਬਿਰਤਾਂਤ ਤੋਂ ਕਥਾ, ਕਥ ਤੇ ਕਾਰਜ ਤੋਂ ਰੀਤ ਸਭਿਆਚਾਰਕ ਸਥਾਪਨਾਵਾਂ ਤੋਂ ਲੋਕ-ਵਿਸ਼ਵਾਸ ਅਤੇ ਭਾਸ਼ਾ ਦੀ ਵਰਤੋਂ ਨਾਲ ਲੋਕ-ਸਾਹਿਤ, ਧਾਗੇ ਦੀ ਵਰਤੋਂ ਨਾਲ ਕਸੀਦਾਕਾਰੀ ਆਦਿ ਬਣਦਾ ਹੈ।"[4]

ਲੱਛਣ

[ਸੋਧੋ]

ਲੋਕਧਾਰਾ ਦੀਆਂ ਵੱਖ-ਵੱਖ ਪਰਿਭਾਸ਼ਾਵਾਂ ਦੀ ਤਰ੍ਹਾਂ ਹੀ ਇਸ ਦੇ ਲੱਛਣਾਂ ਨੂੰ ਨਿਸ਼ਚਿਤ ਕਰਨਾ ਆਸਾਨ ਨਹੀਂ ਹੈ। ਵਿਦਵਾਨਾਂ ਦੁਆਰਾ ਪ੍ਰਵਾਨ ਕੀਤੇ ਜਾਂਦੇ ਕੁਝ ਮੁੱਖ ਲੱਛਣ ਇਸ ਤਰ੍ਹਾਂ ਹਨ:

ਪਰੰਪਰਾ

[ਸੋਧੋ]

ਪਰੰਪਰਾ ਭਾਵੇਂ ਲੋਕਧਾਰਾ ਨਹੀਂ ਹੁੰਦੀ ਪਰ ਇਸ ਦੇ ਮੇਲ ਤੋਂ ਬਿਨਾਂ ਲੋਕਧਾਰਾ ਜੀਵੰਤ ਨਹੀਂ ਰਹਿ ਸਕਦੀ। ਪਰੰਪਰਾ ਦੇ ਵਿੱਚ ਉਹ ਤੱਤ ਸ਼ਾਮਿਲ ਹੁੰਦੇ ਹਨ ਜਿਹੜੇ ਇੱਕ ਸਮੂਹ ਲੰਮੇ ਸਮੇਂ ਤੋਂ ਆਪਣੇ ਜੀਵਨ ਦੇ ਵਿੱਚ ਰੀਤਾਂ ਦੇ ਤੌਰ ਤੇ ਗ੍ਰਹਿਣ ਕਰਦਾ ਹੈ। ਲੋਕਧਾਰਾ ਨੂੰ ਪਰੰਪਰਾ ਦੀ ਸਾਇੰਸ ਸਵੀਕਾਰ ਕੀਤਾ ਜਾਂਦਾ ਹੈ। ਲੋਕਧਾਰਾ ਵਿੱਚ ਲੋਕ ਜੀਵਨ ਦੀਆਂ ਪਰੰਪਰਾਵਾਂ ਨੂੰ ਹੀ ਦੇਖਿਆ ਜਾ ਸਕਦਾ ਹੈ।

ਪ੍ਰਵਾਨਗੀ

[ਸੋਧੋ]

ਲੋਕਧਾਰਾ ਆਪਣੇ ਸੰਗਠਿਤ ਰੂਪ ਵਿੱਚ ਉਦੋਂ ਹੀ ਪ੍ਰਵਾਨ ਹੋ ਸਕਦੀ ਹੈ ਜਦੋਂ ਉਸਨੂੰ ਲੋਕ-ਸਮੂਹ ਦੀ ਪ੍ਰਵਾਨਗੀ ਹਾਸਿਲ ਹੋਵੇ। ਸਮੇਂ ਦੇ ਨਾਲ ਲੋਕਧਾਰਾ ਦੇ ਵਿੱਚ ਬਹੁਤ ਕੁਝ ਸ਼ਾਮਿਲ ਅਤੇ ਨਿਖੜਦਾ ਰਹਿੰਦਾ ਹੈ। ਇਹ ਸਭ ਕੁਝ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਲੋਕ ਸਮੂਹ ਦੀ ਪ੍ਰਵਾਨਗੀ ਹਾਸਿਲ ਹੋਵੇ।

ਮਨੋਸਥਿਤੀ

[ਸੋਧੋ]

ਲੋਕਧਾਰਾ ਦਾ ਧਰਾਤਲ ਲੋਕ ਸਮੂਹ ਦੀ ਮਨੋਸਥਿਤੀ ਹੈ। ਮਨੋ-ਸਥਿਤੀ, ਲੋਕਾਂ ਦੀ ਜੀਵਨ-ਜੁਗਤ ਤੇ ਜੀਵਨ-ਸਥਿਤੀ ਤੇ ਨਿਰਭਰ ਕਰਦੀ ਹੈ। ਜੀਵਨ ਸਥਿਤੀ ਅੱਗੋਂ ਪੈਦਾਵਾਰ ਦੇ ਸਾਧਨਾਂ, ਰਿਸ਼ਤਿਆਂ, ਸੰਦਾਂ ਤੇ ਸਮੱਗਰੀ ਵਿੱਚ ਪਰਿਵਰਤਨ ਆਉਣ ਸਦਕਾ, ਜੀਵਨ-ਸਥਿਤੀ ਵਿੱਚ ਪਰਿਵਰਤਨ ਆਉਂਦਾ ਹੈ। ਇਸ ਪਰਿਵਰਤਨ ਨੂੰ ਲੋਕਧਾਰਾ ਦੇ ਸਾਰੇ ਰੂਪ ਸਵੀਕਾਰ ਕਰਦੇ ਹਨ।

ਪਰਿਵਰਤਨ

[ਸੋਧੋ]

ਬਦਲਾਵ ਤਾਂ ਸਮਾਜ ਦਾ ਨਿਯਮ ਹੈ। ਇਸ ਤਰ੍ਹਾਂ ਹੀ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਪਰਿਵਰਤਨ ਆਉਣ ਦੇ ਨਾਲ ਲੋਕਧਾਰਾ ਵਿੱਚ ਪਰਿਵਰਤਨ ਸਹਿਜੇ ਹੀ ਵਾਪਰ ਜਾਂਦਾ ਹੈ। ਲੋਕਧਾਰਾ ਦੇ ਵਿੱਚ ਨਵੇਂ ਤੱਤ ਸ਼ਾਮਿਲ ਹੋ ਜਾਂਦੇ ਹਨ ਅਤੇ ਪੁਰਾਣੇ ਜਿਹਨਾਂ ਦੀ ਸਾਰਥਕਤਾ ਨਹੀਂ ਹੁੰਦੀ ਤਿਆਗ ਦਿੱਤੇ ਜਾਂਦੇ ਹਨ।

ਪ੍ਰਤਿਭਾ

[ਸੋਧੋ]

ਲੋਕਧਾਰਾ ਦੇ ਵਿਚੋਂ ਸਮੂਹ ਦੀ ਸੋਚ ਦਾ ਪ੍ਰਗਟਾਵਾ ਮਿਲਦਾ ਹੈ। ਲੋਕਧਾਰਾ ਸਮੂਹਿਕ ਸਿਰਜਣਾ ਹੁੰਦੀ ਹੈ। ਪਰ ਕੋਈ ਇੱਕ ਵਿਅਕਤੀ ਜਿਹੜਾ ਪਰੰਪਰਾ ਦੇ ਨਾਲ ਡੂੰਘੇ ਰੂਪ ਵਿੱਚ ਜੁੜਿਆ ਹੁੰਦਾ ਹੈ। ਅਜਿਹਾ ਵਿਅਕਤੀ ਆਪਣੇ ਨਿੱਜ ਤੱਕ ਸੀਮਤ ਨਾ ਹੋ ਕੇ ਸਮੂਹ ਦੀ ਪ੍ਰਤਿਨਿਧਤਾ ਹੀ ਕਰ ਰਿਹਾ ਹੁੰਦਾ ਹੈ। ਇਸ ਕੰਮ ਦੇ ਲਈ ਬਹੁਤ ਲੰਮੀ ਘਾਲਣਾ ਦੀ ਜ਼ਰੂਰਤ ਹੁੰਦੀ ਹੈ।

ਪ੍ਰਬੰਧਕਤਾ

[ਸੋਧੋ]

ਲੋਕਧਾਰਾ ਦੀ ਇੱਕ ਖੂਬੀ ਇਹ ਵੀ ਹੈ ਕਿ ਇਹ ਪ੍ਰਸੰਗ ਦੇ ਅਧੀਨ ਹੀ ਵਿਚਰਦੀ ਹੈ। ਇਹ ਪ੍ਰਬੰਧ ਹੀ ਲੋਕਧਾਰਾ ਨੂੰ ਇੱਕ ਕਾਰਗਰ ਸੰਚਾਰ ਦਾ ਮਾਧਿਅਮ ਬਣਾਉਂਦਾ ਹੈ। ਲੋਕਧਾਰਾ ਦੇ ਸਾਰੇ ਤੱਤ ਵਿਉਂਤਬੱਧ ਤਰੀਕੇ ਦੇ ਨਾਲ ਪ੍ਰਗਟ ਹੁੰਦੇ ਹਨ। ਕੋਈ ਵੀ ਤੱਤ ਵਾਧੂ ਜਾਂ ਅਪ੍ਰਸੰਗਿਕ ਨਹੀਂ ਹੁੰਦਾ।

ਲੋਕਧਾਰਾ ਦੇ ਖੇਤਰ

[ਸੋਧੋ]

ਲੋਕਧਾਰਾ ਸਮੂਹ ਦੀਆਂ ਭਾਵਨਾਵਾਂ, ਸਮੱਸਿਆਵਾਂ ਨੂੰ ਵਿਅਕਤ ਕਰਨ ਦਾ ਸਾਧਨ ਹੈ। ਲੋਕਧਾਰਾ ਦੀ ਭੂਮਿਕਾ ਨੂੰ ਮਨੁੱਖੀ ਸਮਾਜ ਕਦੇ ਵੀ ਅਣਗੌਲਿਆ ਨਹੀਂ ਕਰ ਸਕਦਾ। ਡਾ. ਵਣਜਾਰਾ ਬੇਦੀ ਦੇ ਅਨੁਸਾਰ, “ਲੋਕਧਾਰਾ ਇੱਕ ਚੂਲ ਹੈ। ਜਿਸ ਦੇ ਦੁਆਲੇ ਮਨੁੱਖੀ ਜੀਵਨ ਘੁੰਮਦਾ, ਰੇੜਕੇ ਵਿੱਚ ਪਿਆ, ਜ਼ਿੰਦਗੀ ਵਿਚੋਂ ਰਹੱਸ ਨਿਤਾਰਦਾ ਰਿਹਾ ਹੈ।"[5]

  • ਲੋਕ ਸਾਹਿਤ
  • ਲੋਕ ਮਨੋਵਿਗਿਆਨ
  • ਲੋਕ ਸਮੱਗਰੀ
  • ਲੋਕ ਕਲਾਵਾਂ

ਲੋਕਧਾਰਾ ਸਭਿਆਚਾਰ ਦਾ ਨਿਸ਼ਚਤ ਭਾਗ ਹੈ ਜਿਸ ਵਿੱਚ ਪਰੰਪਰਕ ਸਮੱਗਰੀ ਸ਼ਾਮਿਲ ਹੈ ਜੋ ਸਾਨੂੰ ਵਿਰਸੇ ਵਿਚੋਂ ਪ੍ਰਾਪਤ ਹੁੰਦੀ ਹੈ। ਇਸ ਵਿਚੋਂ ਲੋਕ ਮਾਨਸ ਦੀ ਅਭਿਵਿਅਕਤੀ ਹੁੰਦੀ ਹੈ ਅਤੇ ਇਸਨੂੰ ਜਨਸਮੂਹ ਦੀ ਪ੍ਰਵਾਨਗੀ ਪ੍ਰਾਪਤ ਹੁੰਦੀ ਹੈ ਅਤੇ ਇਸ ਦਾ ਸੰਚਾਰ "ਮੋਖਿਕ ਅਤੇ ਲਿਖਤੀ" ਦੋਵੇਂ ਤਰਾਂ ਨਾਲ ਹੁੰਦਾ ਹੈ। ਲੋਕਧਾਰਾ ਦਾ ਖੇਤਰ ਬਹੁਤ ਵਿਸ਼ਾਲ ਹੈ ਇਸ ਵਿੱਚ ਮਨੁੱਖੀ ਜੀਵਨ ਦੇ ਹਰ ਪੱਖ ਨਾਲ ਸੰਬੰਧਿਤ ਸਮੱਗਰੀ ਸ਼ਾਮਿਲ ਹੈ।

“ਲੋਕਧਾਰਾ ਦੀ ਸਮੱਗਰੀ ਵਿੱਚ ਵੰੰਨ-ਸੁਵੰਨੇ ਵਿਚਾਰ ਵਿਅਕਤ ਕਲਾਵਾਂ, ਲੋਕ ਵਿਸ਼ਵਾਸ, ਵਹਿਮ ਭਰਮ, ਜਾਦੂ ਟੂਣੇ ਅਤੇ ਮੰਤਰ ਵੀ ਆ ਜਾਂਦੇ ਹਨ।”[6] “ਲੋਕਧਾਰਾ ਵਿੱਚ ਮਨੁੱਖ ਦੀ ਸਾਰੀ ਸੋਚ, ਕਲਾ, ਸਾਹਿਤ ਤੇ ਦਰਸ਼ਨ ਆਦਿ ਦੀਆਂ ਰੂੜੀਆਂ ਸਮਾਈਆਂ ਹੋਈਆਂ ਹਨ। ਧਰਮ ਦੇ ਅਨੇਕਾਂ ਸਿਧਾਂਤ ਤੇ ਰੀਤਾਂ ਲੋਕਧਾਰਾ ਦੇ ਬੀਜਾਂ ਵਿਚੋਂ ਵਿਕਸੀਆਂ ਹਨ। ਕਲ ਦੇ ਮੁੱਢਲੇ ਪੈਟਰਨਾਂ ਦੀ ਜਨਮਦਾਤੀ ਲੋਕਧਾਰਾ ਹੈ: ਸਾਹਿਤ ਦੇ ਭਿੰਨ ਰੂਪ ਅਤੇ ਮੁਢਲੀਆਂ ਕਾਵਿ ਸ਼ੈਲੀਆਂ ਦੇ ਬੁਨਿਆਦੀ ਤੱਤਾਂ ਲੈ ਅ, ਤਾਲ, ਛੰਦ, ਅਲੰਕਾਰ ਆਦਿ ਦੀ ਲੋਕਧਾਰਾ ਦੇ ਗਰਭ ਵਿੱਚ ਪੈ ਕੇ ਨਿੰਮੇ ਹਨ। ਮੁੱਢਲੇ ਨ੍ਰਿਤ ਤੇ ਨਾਟ ਲੋਕਧਾਰਾ ਦੀਆਂ ਕੁਝ ਰਹੁ ਰੀਤਾਂ ਦਾ ਹੀ ਭਾਵੁਕ ਸਮੂਹਤੀਕਰਣ ਹਨ। ਅਜੋਕੀ ਕਥਾ ਕਹਾਣੀ ਦੀ ਵਡਿਕੀ, ਸਿਖਿਕ ਕਥਾ ਲੋਕਧਾਰਾ ਦੀ ਦਾਦੀ ਅੰਮਾ ਹੈ। ਸ਼ਿਲਪ ਕਲਾ, ਮੂਰਤੀਕਲਾ ਤੇ ਬੁੱਤਕਾਰੀ ਦਾ ਮੁੱਢ ਵੀ ਲੋਕਧਾਰਾ ਦੀ ਕੁੱਖੋਂ ਹੀ ਹੋਇਆ ਹੈ। ਚਕਿਤਸਾ ਤੇ ਵਿਗਿਆਨ ਦਾ ਸੱਚ ਵੀ ਲੋਕਧਾਰਾ ਵਿੱਚ ਵੇਖਿਆ ਜਾ ਸਕਦਾ।”[7] “ਲੋਕਧਾਰਾ ਦਾ ਘੇਰਾ ਬੜਾ ਵਿਸ਼ਾਲ ਤੇ ਸਮੁੰਦਰ ਵਾਂਗ ਡੂੰਘਾ ਹੈ। ਮੁੱਠੀ ਭਰ ਭਰਮਾਂ, ਵਹਿਮਾਂ,ਰੀਤਾਂ-ਮਨੋਤਾਂ ਤੇ ਰਿਵਾਇਤਾਂ ਨੂੰ ਹੀ ਲੋਕਧਾਰਾ ਮੰਨ ਲੈਣਾ ਇਸ ਅਖੁਟ ਕੋਸ਼ ਨਾਲ ਅਨਿਆਂ ਕਰਨਾ ਹੈ। ਇਸ ਦਾ ਕਿਧਰੇ ਹੱਦਬੰਨਾ ਨਹੀਂ ਇਹ ਅਥਾਹ ਭੰਡਾਰ ਹੈ।”[8] ਕਰਨੈਲ ਸਿੰਘ ਥਿੰਦ ਨੇ ਲੋਕਧਾਰਾ ਦੇ ਕੀਤੇ ਵਰਗੀਕਰਨ ਵਿੱਚ ਜੀਵਨ ਦੇ ਹਰ ਪੱਖ ਨੂੰ ਛੋਹਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਹ ਵਰਗੀਕਰਨ ਵਧੇਰੇ ਵਿਗਿਆਨਕ ਹੈ। ਉਹਨਾਂ ਲੋਕਯਾਨਿਕ ਸਮੱਗਰੀ ਦਾ ਵਰਗੀਕਰਨ ਇਸ ਤਰਾਂ ਕੀਤਾ ਹੈ।

ਲੋਕ ਸਾਹਿਤ

[ਸੋਧੋ]

ਲੋਕ ਗੀਤ, ਲੋਕ ਕਹਾਣੀਆਂ, ਲੋਕ ਸਾਹਿਤ ਦੇ ਵਿਵਧ ਰੂਪ

ਲੋਕ ਕਲਾ

[ਸੋਧੋ]

ਲੋਕ ਸੰਗੀਤ, ਲੋਕ ਨਾਟ, ਲੋਕ ਨ੍ਰਿਤ, ਮੂਰਤੀ ਕਲਾ ਤੇ ਲੋਕ ਕਲਾ

ਅਨੁਸ਼ਠਾਨ

[ਸੋਧੋ]

ਲੋਕ ਰੀਤੀ ਰਿਵਾਜ਼, ਮੇਲੇ ਤੇ ਤਿਉਹਾਰ, ਪੂਜਾ ਵਿਧੀਆਂ, ਲੋਕ ਲੋਕਯਾਨ ਦੇ ਖੇਤਰ ਵਿੱਚ ਅਨੁਸ਼ਠਾਨਾਂ ਦਾ ਮਹੱਤਵ ਬਹੁਤ ਜ਼ਿਆਦਾ ਹੈ। ਅਨੁਸ਼ਠਾਨ ਦਾ ਕੋਸੀ ਅਰਥ ਉਪਕਰਮ ਜਾਂ ਕਿਸੇ ਕਾਰਜ ਦਾ ਆਰੰਭਣਾ ਹੈ।ਨਿਯਮ ਕਿਸੇ ਕਾਰਜ ਦੇ ਕਰਨ ਜਾਂ ਕਿਸੀ ਉੱਤਮ ਫ਼ਲ ਦੀ ਪ੍ਰਾਪਤੀ ਲਈ ਕਿਸੇ ਦੇਵਤਾ ਦੀ ਅਰਾਧਨਾ ਨੂੰ ਵੀ ਅਨੁਸ਼ਠਾਨ ਕਿਹਾ ਜਾਂਦਾ ਹੈ।ਕਾਨ੍ ਸਿੰਘ ਨਾਭਾ ਦੇ ਸ਼ਬਦਾਂ ਵਿਚ ਤੰਤਰ ਸ਼ਾਸਤਰ ਅਨੁਸਾਰ ਮੰਤਰ ਦਾ ਵਿਧੀ ਪੂਰਵਕ ਜਾਪ ਜਾਂ ਧਾਰਮਿਕ ਕਰਮ ਅਨੁਸ਼ਠਾਨ ਹੈ। ਅਨੁਸ਼ਠਾਨਾਂ ਨਾਲ ਕਈ ਪ੍ਰਕਾਰ ਦੇ ਧਾਰਮਿਕ ਵਿਸ਼ਵਾਸ ਜੁੜੇ ਹੋਏ ਹੁੰਦੇ ਹਨ।ਇਸ ਦਿ੍ਸ਼ਟੀ ਤੋਂ ਅਨੁਸ਼ਠਾਨਾਂ ਨੂੰ ਵਿਸ਼ਵਾਸ ਖੇਤਰ ਦਾ ਇਕ ਵਿਸਤ੍ਰਿਤ ਰੂਪ ਵੀ ਮੰਨਿਆ ਜਾ ਸਕਦਾ ਹੈ।ਰਹੁ ਰੀਤਾਂ, ਤਿਉਹਾਰ, ਪੂਜਾ ਦੀਆਂ ਵੱਖ-ਵੱਖ ਵਿਧੀਆਂ ਅਤੇ ਵਰਤ ਆਦਿ ਲੋਕ ਮਾਨਸ ਦੀ ਧਾਰਮਿਕ ਭਾਵਨਾ ਦਾ ਪ੍ਰਤਿਫ਼ਲ ਹੁੰਦੇ ਹਨ।[9] ਅਨੁਸ਼ਠਾਨ ਜੀਵਨ ਦਾ ਅਨਿੱਖੜਵਾਂ ਅੰਗ ਹਨ ਅਤੇ ਸਾਹਿਤ ਜੀਵਨ ਦਾ ਦਰਪਣ ਹੈ।ਇਸ ਲਈ ਸਾਹਿਤਕਾਰ ਅਨੁਸ਼ਠਾਨਿਕ ਸਾਮੱਗਰੀ ਨੂੰ ਸਹਿਜੇ ਹੀ ਆਪਣੀਆਂ ਸਾਹਿਤਿਕ ਕ੍ਰਿਤੀਆਂ ਦਾ ਭਾਗ ਬਣਾਉਂਦੇ ਆਏ ਹਨ। ਉਹ ਆਪਣੀਆਂ ਰਚਨਾਵਾਂ ਵਿਚ ਲੋਕ ਜੀਵਨ ਵਿੱਚ ਪ੍ਰਚਲਿਤ ਰੀਤੀ ਰਿਵਾਜਾਂ, ਸੰਸਕਾਰਾਂ,ਪੂਜਾ ਦੇ ਢੰਗਾਂ,ਪੂਰਬਾਂ ਅਤੇ ਉਤਸਵਾਂ ਆਦਿ ਬਾਰੇ ਅਨੁਸ਼ਠਾਨਿਕ ਸਾਮੱਗਰੀ ਦੀ ਵਰਤੋਂ ਦੋ ਢੰਗਾਂ ਨਾ

ਲ ਕਰਦੇ :ਹਨ

(ੳ) ਅਨੁਸ਼ਠਾਨਿਕ ਸਾਮੱਗਰੀ ਦਾ ਸਾਧਾਰਨ ਰੂਪ ਵਿੱਚ ਰਚਨਾਵਾਂ ਦਾ ਭਾਗ ਬਣਨਾ।

(ਅ) ਅਨੁ਼ਸ਼ਠਾਨਿਕ ਸਾਮੱਗਰੀ ਨੂੰ ਰਚਨਾਵਾਂ ਵਿੱਚ ਸਮੋ ਕੇ ਇਸ ਨਾਲ ਜੁੜੀਆਂ ਭਾਵਨਾਵਾਂ ਦਾ ਖੰਡਨ ਕਰਨਾ।[10]

ਮੱਧਕਾਲੀਨ ਪੰਜਾਬੀ ਸਾਹਿਤ ਵਿੱਚ ਅਨੁਸ਼ਠਾਨਿਕ ਸਾਮੱਗਰੀ ਦੀ ਵਰਤੋਂ ਨੂੰ ਅੱਗੇ ਲਿਖੇ ਪੱਖਾਂ ਤੋਂ ਵਾਚਿਆ ਜਾ ਸਕਦਾ ਹੈ:

(੧) ਸੰਸਕਾਰ:

ਜਨਮ, ਵਿਆਹ ਤੇ ਮੌਤ ਨਾਲ ਸੰਬੰਧਤ,ਸਤੀ ਦੀ ਪ੍ਰਥਾ ਆਦਿ।

(੨) ਪੂਜਾ ਵਿਧੀਆਂ:

ਆਰਤੀ, ਮੂਰਤੀ ਪੂਜਾ,ਚੰਦ,ਸੂਰਜ ਅਤੇ ਗ੍ਰਹਿ ਪੂਜਾ,ਸੀਤਲਾ ਅਤੇ ਦੁਆਦਸ ਸਿਲਾ ਆਦਿ।

(੩) ਕਰਮ ਕਾਂਡ:

ਹੋਮ,ਤੀਰਥ,ਜਾਤਿ ਵਰਣ,ਗਮਣ,ਪੂਰਵ,ਉਤਸਵ,ਦਾਨ,ਸੂਤਕ,ਪਾਤਕ,ਜੂਠ,ਭਿੱਟ, ਚੌਂਕਾ,ਕਾਰਵ੍ਹ ਆਦਿ।

(੪) ਵਰਤ:


ਇਕਾਦਸ਼ੀ਼ੀ,ਅਹੋਈ,ਚੰਦ੍ਰਾਇਣ,ਮੌਨ,ਵਰਤ ਆਦਿ।

(੫) ਵੇਸ਼ ਭੂਸ਼ਾ:

ਤਿਲਕ ਜਾਂ ਟਿੱਕਾ,ਮਾਲਾ, ਭਗਵਾਂ ਵੇਸ਼,ਨਾਂਗੇ, ਜਟਾਂ ਵਧਾਉਣੀਆਂ,ਭਸਮ ਲਗਾਉਣੀ,ਅਗਨਿ ਤਪ ਆਦਿ। ਪ੍ਰਥਾਵਾਂ ਅਤੇ ਪਰੰਪਰਾਵਾਂ ਆਦਿ ਇਹਨਾਂ ਵਰਗਾਂ ਦੇ ਅੰਤਰਗਤ ਹੀ ਆ ਜਾਂਦੇ ਹਨ।

(1)ਸੰਸਕਾਰ:

ਜਦ ਕੋਈ ਵਿਅਕਤੀ ਕਿਸੇ ਕੰਮ ਨੂੰ ਬਾਰ-ਬਾਰ ਕਰਦਾ ਹੈ ਤਾਂ ਇਹ ਉਸਦੀ ਆਦਤ ਬਣ ਜਾਂਦੀ ਹੈ, ਪਰੰਤੂ ਜਦ ਸਾਰਾ ਭਾਈਚਾਰਾ ਹੀ ਉਸ ਨੂੰ ਦੁਹਰਾਉਣ ਲੱਗ ਜਾਂਦਾ ਹੈ ਤਾਂ ਉਹ ਰੀਤੀ ਦਾ ਰੂਪ ਧਾਰਣ ਕਰ ਜਾਂਦੀ ਹੈ। ਸੰਸਕਾਰ ਲੋਕ ਮਾਨਸ ਦਾ ਸੂਖਮ ਰੂਪ ਹਨ ਅਤੇ ਰੀਤੀ ਸੰਸਕਾਰਾਂ ਦਾ ਸਥੂਲ ਅਥਵਾ ਵਿਵਹਾਰਿਕ ਰੂਪ।[11]

(੧) ਜਨਮ ਸੰਸਕਾਰ:

ਜਨਮ ਸੰਬੰਧੀ ਰਸਮਾਂ ਭਾਵੇਂ ਬੱਚੇ ਦੇ ਜਨਮ ਲੈਣ ਤੋਂ ਪਹਿਲਾਂ ਸ਼ੁਰੂ ਹੋ ਜਾਂਦੀਆਂ ਹਨ, ਪਰੰਤੂ ਬੱਚੇ ਦੇ ਪ੍ਰਵੇਸ਼ ਨਾਲ ਗੁੜ੍ਹਤੀ, ਕੜੀਆਂ ਦਾ ਗਿਣਨਾ,ਦੁਧੀਆ ਧੁਆਈ, ਬਾਹਰ ਵਧਾਉਣਾ, ਪੰਜੀਰੀ ਵੰਡਣੀ, ਕੱਪੜੇ ਭੇਜਣੇ, ਤੇਰ੍ਹਵਾਂ, ਨਾਮਕਰਨ ਆਦਿ ਰੀਤਾਂ ਦੀ ਲੜੀ ਬੱਝ ਜਾਂਦੀ ਹੈ।

(੨) ਵਿਆਹ ਸੰਸਕਾਰ:

ਵਿਆਹ ਸੰਸਕਾਰ ਨਾਲ ਚੋਖੀਆਂ ਰਸਮਾਂ ਜੁੜੀਆਂ ਹੋਈਆਂ ਹਨ। ਸੂਫੀ ਅਤੇ ਕਿੱਸਾ ਕਵੀਆਂ ਨੇ ਸੰਕੇਤਕ ਅਤੇ ਵਿਸਤ੍ਰਿਤ ਰੂਪ ਵਿਚ ਕਈ ਰਸਮਾਂ ਦੇ ਹਵਾਲੇ ਦੇ ਕੇ ਆਪਣੇ ਹਾਵਾਂ ਭਾਵਾਂ ਨੂੰ ਨਿਰੂਪਣ ਕੀਤਾ ਹੈ। ਆਪਣੇ ਅਨੁਭਵ ਨੂੰ ਪ੍ਰਗਟਾਉਣ ਲਈ ਮਹਿੰਦੀ ਲਾਉਣੀ,ਖਾਰੇ ਬਿਠਾਉਣਾ,ਤੇਲ ਚੋਣਾ, ਵੱਟਣਾ ਮਲਣਾ, ਚੂੜਾ ਚੜ੍ਹਾਉਣਾ,ਨੱਥ ਪਹਿਣਨੀ,ਹਾਰ ਸ਼ਿੰਗਾਰ ਕਰਨਾ,ਜੰਝ ਚੜ੍ਹਨੀ, ਸਿੱਠਣੀਆਂ, ਡੋਲੀ,ਦਾਜ,ਖਟ ਆਦਿ ਰਹੁ ਰੀਤਾਂ ਦਾ ਜ਼ਿਕਰ ਸੂਫ਼ੀਆਂ ਦੀਆਂ ਰਚਨਾਵਾਂ ਵਿਚ ਮਿਲ ਜਾਂਦਾ ਹੈ।[12]

(੩)ਮਿਤ੍ਰਕ ਸੰਸਕਾਰ:

ਮਿਤ੍ਰ ਨਾਲ ਵੀ ਅਨੇਕਾਂ ਰਸਮਾਂ ਜੁੜੀਆਂ ਹੋਈਆਂ ਹਨ ਮਰ ਗੲੇ ਵਿਅਕਤੀ ਨੂੰ ਮੰਜੇ ਤੋਂ ਲਾਹੁਣਾ, ਸ਼ਮਸ਼ਾਨ ਭੂਮੀ ਲਿਜਾ ਕੇ ਕਈ ਰੀਤਾਂ ਕਰਨੀਆਂ, ਘਿਓ ਤੇ ਖੁਸ਼ਬੂਦਾਰ ਵਸਤਾਂ ਮ੍ਰਿਤਕ ਦੀ ਭੇਟਾ ਕਰਨੀਆਂ,ਚੰਦਨ ਦੀ ਲੱਕੜ ਵਿਚ ਜਲਾਉਣਾ,ਸਮਾਧੀ ਬਣਾਉਣੀ, ਅਸਥੀਆਂ ਨੂੰ ਕਿਸੇ ਤੀਰਥ ਤੇ ਭੇਜਣਾ ਅਤੇ ਹਰ ਸਾਲ ਉਸ ਦੀ ਯਾਦ ਵਿੱਚ ਸ਼ਰਾਧ ਕਰਨੇ, ਕੁੱਝ ਇੱਕ ਵਰਰੀਤਾਂ

[13] •ਦੀਵਾ ਵੱਟੀ

•ਪਿੰਡ ਦਾਨ

• ਸ਼ਰਾਧ

• ਮੜ੍ਹੀ ਮਸਾਣ ਦੀ ਪੂਜਾ

(2) ਪੂਜਾ ਵਿਧੀਆਂ:

ਭਾਰਤ ਵਿੱਚ ਅਣਗਿਣਤ ਦੇਵਤੇ ਮੰਨੇ ਜਾਂਦੇ ਹਨ ਅਤੇ ਪ੍ਰਾਚੀਨ ਕਾਲ ਤੋਂ ਇਨ੍ਹਾਂ ਦੀ ਪੂਜਾ ਹੁੰਦੀ ਆਈ ਹੈ। ਵੱਖ-ਵੱਖ ਧਾਰਮਿਕ ਸਥਾਨਾਂ ਨਾਲ ਨਾਨਾ ਪ੍ਰਕਾਰ ਦੀਆਂ ਪੂਜਾ ਵਿਧੀਆਂ ਦੇਖਣ ਵਿੱਚ ਆਉਂਦੀਆਂ ਹਨ। ਲੋਕ ਜੀਵਨ ਵਿੱਚ ਪ੍ਰਚਲਿਤ ਇਹ ਪਰੰਪਰਾਗਤ ਪੂਜਾ ਵਿਧੀਆਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਚੁੱਕੀਆਂ ਹਨ। ਲੋਕ ਮਾਨਸ ਨੇ ਇਨ੍ਹਾਂ ਢੰਗਾਂ ਨੂੰ ਵਿਸ਼ਵਾਸਾਂ ਦੀ ਅਜਿਹੀ ਧਾਰਣਾ ਨਾਲ ਜੋੜ ਦਿੱਤਾ ਹੈ ਕਿ ਅਸਭਿਅ ਨੂੰ ਸਭਿਅ ਸਮਝ ਕੇ ਸਵੀਕਾਰ ਕੀਤਾ ਜਾਂਦਾ ਹੈ। ਆਦਿ ਗ੍ਰੰਥ ਵਿੱਚ ਵਿਸ਼ੇਸ਼ ਅਸਥਾਨਾਂ ਉੱਪਰ ਨਾਨਾ ਪ੍ਰਕਾਰ ਦੀ ਖ਼ਾਸ ਸਮੱਗਰੀ ਰਾਹੀਂ ਦੇਵ ਪੂਜਾ ਤੇ ਮੂਰਤੀ ਪੂਜਾ ਆਦਿ ਦਾ ਖੰਡਣ ਕੀਤਾ ਗਿਆ ਹੈ।[14]

•ਮੂਰਤੀ ਪੂਜਾ

•ਆਰਤੀ

•ਚੰਦ ਸੂਰਜ ਤੇ ਗ੍ਰਹਿਆਂ ਦੀ ਪੂਜਾ

•ਸੀਤਲਾ

•ਦੁਆਦਸ ਸਿਲਾ[15]


3)ਕਰਮ ਕਾਂਡ:

ਕਰਮ ਕਾਂਡ ਵੇਦ ਆਦਿ ਗ੍ਰੰਥਾਂ ਦਾ ਅਜਿਹਾ ਪ੍ਰਕਰਣ ਹੈ ਜਿਸ ਵਿਚ ਹੋਮ ਯੋਗਰ, ਸ਼ਰਾਧ,ਤਰਪਣ ਅਤੇ ਵਰਤ ਆਦਿ ਕਰਮਾਂ ਦੇ ਕਰਨ ਦੀ ਵਿਧੀ ਦੱਸੀ ਗਈ ਹੋਵੇ। ਲੋਕ ਜੀਵਨ ਵਿੱਚ ਵਿਖਾਵੇ ਅਤੇ ਪਾਖੰਡ ਦੇ ਕਰਮਾਂ ਦਾ ਇਕ ਅਜਿਹਾ ਜਾਲ ਵਿੱਛਿਆ ਹੋਇਆ ਹੈ ਕਿ ਕਰਮਾਂ ਦੀ ਮੂਲ ਭਾਵਨਾ ਲੋਪ ਹੋ ਗਈ ਹੈ। ਯੱਗ ਕਰਵਾਉਣਾ,ਦਾਨ ਦੇਣਾ ਅਤੇ ਲੈਣਾ,ਵੇਦ ਪੜ੍ਹਨਾ ਆਦਿ ਛੇ ਕਰਮ ਆਮ ਪ੍ਰਸਿੱਧ ਹਨ।[16]

• ਹੋਮ ਯੋਗ

• ਤੀਰਥ ਗਮਨ

• ਪੂਰਬ

• ਤਿਉਹਾਰ ਦਾਨ

• ਚੁਲੀ

(4) ਵਰਤ:

ਅਨੁਸ਼ਠਾਨਿਕ ਖੇਤਰ ਦੀ ਬਹੁਤ ਸਾਰੀ ਸਮੱਗਰੀ ਅਜਿਹੀ ਹੈ ਜਿਸ ਨੂੰ ਵੇਸ ਭੂਸ਼ਾ ਦੀ ਸੰਗਿਆ ਦਿੱਤੀ ਜਾ ਸਕਦੀ ਹੈ। ਇਸ ਵਿੱਚ ਟਿੱਕਾ ਜਾ ਤਿਲਕ ਲਗਾਉਣਾ,ਮਾਲਾ ਪਾਉਣੀ, ਨੰਗਿਆਂ ਫਿਰਨਾ, ਭਗਵਾਂ ਵੇਸ ਧਾਰਣ ਕਰਨਾ, ਜਟਾਂ ਵਧਾਉਣੀਆਂ ਅਤੇ ਭਸਮ ਲਗਾਉਣੀ ਆਦਿ ਕਰਮ ਸ਼ਾਮਿਲ ਕੀਤੇ ਜਾ ਸਕਦੇ ਹਨ। ਸਾਧਾਰਨ ਰਹਿਣੀ ਬਹਿਣੀ ਦੇ ਵਿਪਰੀਤ ਦਿਖਾਵੇ ਮਾਤਰ ਕਰਮ ਕਰਨ ਵਾਲੇ ਵਿਅਕਤੀ ਵਹਿਮਾਂ ਭਰਮਾਂ ਵਿੱਚ ਫਾਥੇ ਸਾਧਾਰਨ ਲੋਕਾਂ ਨੂੰ ਵੀ ਆਪਣੇ ਪਿੱਛੇ ਲਾ ਲੈਂਦੇ ਹਨ।[17]

• ਤਿਲਕ ਜਾਂ ਟਿੱਕਾ

• ਮਾਲਾ

ਲੋਕ ਵਿਸ਼ਵਾਸ਼

[ਸੋਧੋ]
ਜਾਦੂ ਟੂਣੇ
[ਸੋਧੋ]

ਆਦਿ ਕਾਲ ਤੋਂ ਹੀ ਮਨੁੱਖ ਵਿੱਚ ਪ੍ਰਾਕਿਤਕ ਸ਼ਕਤੀਆਂ ਉੱਤੇ ਕਾਬੂ ਪਾਉਣ ਤੇ ਜੀਵਨ ਵਿਚ ਵਾਪਰਦੀਆਂ ਘਟਨਾਵਾਂ ਦੀ ਚਾਲ ਨੂੰ ਆਪਣੀ ਮਰਜ਼ੀ ਅਨੁਕੂਲ ਕਰਨ ਦੀ ਇੱਛਾ ਬੜੀ ਪ੍ਰਬਲ ਰਹੀ ਹੈ।ਆਦਿਮ ਮਨੁੱਖ ਕੁਦਰਤ ਨੂੰ ਸਮਝਣੋਂ ਤਾਂ ਅਸਮਰਥ ਰਿਹਾ ਪਰ ਲੰਮੇ ਤਜਰਬੇ ਪਿੱਛੋਂ ਉਸ ਦਾ ਇਹ ਵਿਸ਼ਵਾਸ ਬਣ ਗਿਆ ਕਿ ਉਹ ਟੂਣਿਆਂ, ਮੰਤਰਾ ਤੇ ਰੀਤਾਂ ਨਾਲ ਪ੍ਰਕਿਰਤੀ ਤੇ ਜੀਵਨ ਗਤੀ ਉਤੇ ਕਾਬੂ ਪਾ ਸਕਦਾ ਹੈ। ਇਸੇ ਵਿਸ਼ਵਾਸ ਤੋਂ ਜਾਦੂ ਤੇ ਟੂਣੇ ਨੇ ਜਨਮ ਲਿਆ।


ਜਾਦੂ ਇਕ ਕਲਾ ਹੈ ਜੋ ਦੋ ਗਲਾਂ ਮਿੱਥ ਕੇ ਤੁਰਦੀ ਹੈ ਇਕ ਇਹ ਕਿ ਪ੍ਰਾਕਿਰਤੀ ਵਿੱਚ ਹਰੇਕ ਕਾਰਨ ਕਿਸੇ ਕਾਰਜ ਨੂੰ ਜਨਮ ਦਿੰਦਾ ਹੈ।ਤੇ ਇਕ ਘਟਨਾ ਪਿੱਛੋਂ ਦੂਜੀ ਘਟਨਾ ਬਿਨਾਂ ਕਿਸੇ ਦੈਵੀ ਜਾਂ ਅਧਿਆਤਮਕ ਸ਼ਕਤੀ ਦੇ ਦਖਲ ਦੇ ਆਪਣੇ ਆਪ  ਸਹਿਜ ਰੂਪ ਵਿਚ ਹੀ ਵਾਪਰਦੀ ਹੈ। ਇਸ ਲਈ ਕੇ ਮੰਤਰਾਂ, ਕਰਮ ਕਾਂਡ ਤੇ ਰੀਤਾਂ ਨਾਲ ਕਾਰਨ ਪੈਦਾ ਕੀਤੇ ਜਾਣ ਤਾਂ ਕਾਰਜ ਆਪੇ ਸਿੱਧ ਹੋ ਜਾਂਦਾ ਹੈ। ਦੂਜਾ, ਕਿਸੇ ਵਸਤੂ ਜਾਂ ਸਥਿਤੀ ਉੱਤੇ ਕਾਬੂ ਪਾ ਲੈਣ ਦਾ ਭਰਮ ਪੈਦਾ ਕਰਨ ਨਾਲ ਉਹ ਵਸਤੂ ਜਾਂ ਸਥਿਤੀ ਸੱਚ ਮੁੱਚ ਹੀ ਵਸ ਵਿੱਚ ਹੋ ਜਾਂਦੀ ਹੈ।

ਜੇਕਰ ਮੀਹ ਚਾਹੀਦਾ ਹੋਵੇ ਤਾਂ ਬਦਲਾਂ ਦਾ ਸਵਾਂਗ ਭਰੋ,ਘਨਘੋਰ ਬਦਲਾਂ ਜਿਹੀ ਗੜਗੜਾਹਟ ਪੈਦਾ ਕਰੋ,ਵਰਸਦੀਆ ਬੂੰਦਾਂ ਨਾਲ ਮਿਲਦੀ ਜੁਲਦੀ ਅਵਾਜ਼ ਕਢੋ ਤੇ ਇਕ ਦੂਜੇ ਉਤੇ ਪਾਣੀ ਉਛਾਲੋ , ਇਸ ਤਰਾਂ ਨਕਲ ਉੱਤੇ ਅਧਾਰਤ ਟੂਣੇ ਨੂੰ ਭੁਲਾਵਾਂ ਜਾਦੂ ਕਹਿੰਦੇ ਹਨ।

ਜਾਦੂ ਦੀਆਂ ਕਈ ਕਿਸਮਾਂ ਹਨ।

ਲਾਗਵਾਂ ਜਾਦੂ

ਭਾਵਾਤਮਕ ਜਾਦੂ

ਚਿੱਟਾ ਜਾਦੂ

ਕਾਲਾ ਜਾਦੂ

ਟੂਣਾ- ਟਪਾ

[ਸੋਧੋ]

ਜਿੱਥੇ ਕੋਈ ਰੀਤ ਇਸ ਨਿਸਚੇ ਨਾਲ ਕੀਤੀ ਜਾਵੇ ਕਿ ਇਸ ਨੂੰ ਪੂਰਨ ਵਿਦੀ ਅਨੁਸਾਰ ਕਰਨ ਨਾਲ, ਕਿਸੇ ਇੱਛਾ ਦੀ ਸੁਤੇ ਸਿੱਧ ਹੀ  ਪੂਰਤੀ ਹੋ ਜਾਵੇਗੀ ਉਥੇ ਜਾਦੂ ਦੀ ਭਾਵਨਾ ਕੰਮ ਕਰਦੀ ਹੈ ਅਤੇ ਜਿਥੇ ਕੋਈ ਰੀਤ ਆਪਣੇ ਇਸ਼ਟ ਦੀ ਬਖਸ਼ਸ ਨੂੰ ਪ੍ਰਾਪਤ ਕਰਨ ਲਈ ਕੀਤੀ ਜਾਵੇ, ਉਥੇ ਧਰਮ ਦੀ ਭਾਵਨਾ ਹੁੰਦੀ ਹੈ।ਜਾਦੂ ਦੀਆਂ ਰੀਤਾਂ ਨੂੰ ਟੂਣਾ- ਟਪਾ

ਕਿਹਾ ਜਾਂਦਾ ਹੈ।

ਸਥਾਨਕ ਦੇਵੀ  ਦਿਉਤੇ

[ਸੋਧੋ]

ਪੁਰਾਣਿਕ ਦੇਵੀ ਦੇਵਤਿਆਂ ਤੋਂ ਬਿਨਾਂ ਕੁਝ ਦਿਉਤੇ ਅਜਿਹੇ ਵੀ ਪੂਜੇ ਜਾਂਦੇ ਹਨ ਜਿਨ੍ਹਾਂ ਨੂੰ ਨਿਰੋਲ ਸਥਾਨਕ ਕਿਹਾ ਜਾਂਦਾ ਹੈ। ਇਹ ਪਿੰਡਾਂ ਦੇ ਨਿੱਕੇ ਨਿੱਕੇ ਰੱਬ ਹਨ ਜਿਹਨਾਂ ਉਤੇ ਲੋਕਾਂ ਦਾ ਪਕਾ ਨਿਸਚਾ ਹੈ ਅਤੇ ਦੁੱਖ ,ਕਲੇਸ਼ ਜਾਂ ਭੀੜਾਂ ਸਮੇਂ ਉਹ ਵਧੇਰੇ ਕਰਕੇ ਇਹਨਾਂ ਦੀ ਹੀ ਸ਼ਰਨ ਲੈਂਦੇ ਹਨ। ਫਿਰ ਲੋਕਾਂ ਦਾ ਪੱਕਾ ਨਿਸ਼ਚਾ ਹੈ ਕਿ ਭੀੜਾਂ ਵੇਲੇ ਪਤੀਆਂਣ ਨਾਲ ਇਹ ਦਿਉਤੇ ਉਹਨਾਂ ਨੂੰ ਇੰਜ ਬਹੁੜਦੇ ਹਨ ਜਿਵੇਂ ਰੁੱਤ ਨਾਲ ਬੇਰੀਆਂ ਨੂੰ ਬੂਰ ਆ ਪੈਂਦੇ ਹੈ। ਸਥਾਨਕ ਦੇਵਤਿਆਂ ਦੀਆਂ ਮੜੀਆਂ, ਮਟਿਲੇ, ਭੋਣ ਹਰ ਪਿੰਡ ਵਿਚ ਦੇਖੇ ਜਾ ਸਕਦੇ ਹਨ। ਇਹ ਮੜੀਆਂ ਦੋ ਕੂ ਉੱਚੀਆਂ ਇਟਾਂ ਦੀਆਂ ਬਣਿਆ ਹੁੰਦੀਆ ਹਨ। ਜਿਹਨਾਂ ਉਤੇ ਚੂਨਾ ਹੁੰਦਾ ਹੈ। ਉਪਰ ਅੰਡੇਦਾਰ ਗੁਲਈ ਹੁੰਦੀ ਹੈ। ਇਹਨਾਂ ਵਿੱਚ ਕੋਈ ਬੁਤ ਨਹੀਂ ਰਖਿਆ ਹੂੰਦਾ ਸਿਰਫ ਦੀਵਾ ਬਾਲ ਕੇ ਰੱਖਣ ਦੀ ਖਾਓ ਹੁੰਦੀ ਹੈ।

ਸਥਾਨਕ ਦੇਵੀ ਦੇਵਤੇ:

ਧਰਨੀ ਦੇਵੀ

ਖੇਤਰਪਾਲ

ਭੂਮੀਆ ਜਾਂ ਖੇੜਾ

ਜਠੇਰਾ

ਦਰਿਆ ਪੀਰ ਜਾਂ ਖਵਾਜਾ - ਖਿਜਰ

ਭੇਦਾਇਕ ਦੇਵੀ ਸੀਤਲਾ ਮਾਈ

ਠੰਡੀ ਮਾਤਾ[18]

ਜੰਤਰ, ਮੰਤਰ,ਤੰਤਰ

[ਸੋਧੋ]

ਲੋਕਯਾਨ ਦੇ ਵਿਸ਼ਵਾਸ ਖੇਤਰ ਵਿਚ ਇਹਨਾਂ ਤਿੰਨਾਂ ਸ਼ਬਦਾਂ ਦੀ ਬਹੁਤ ਮਹਤਵ ਹੈ। ਜਾਦੂ ਟੂਣੇ ਦੀ ਸ਼ਕਤੀ ਦੇ ਵਿਵਰਣ ਨਾਲ ਭਰਪੂਰ ਗ੍ਰੰਥਾ  ਨੂੰ ਤੰਤਰ ਸ਼ਾਸਤਰ ਕਿਹਾ ਜਾਂਦਾ ਹੈ। ਇਸ ਲਈ ਤੰਤਰ ਸ਼ਬਦ ਦਾ ਪ੍ਰਯੋਗ ਟੂਣੇ ਦੇ ਅਰਥ ਵਿਚ ਲਿਆ ਜਾਵੇਗਾ। ਜੰਤਰ ਵਿਚ ਤਿੰਨ ਪ੍ਰਕਾਰ ਦੇ ਟੂਣੇ ਸ਼ਾਮਲ ਹਨ: ਚਾਰ ਜਾਂ ਅੱਠ ਨੁਕਰਾਂ ਦੇ ਲੀਕਾਂ ਖਿੱਚ ਕੇ ਬਨਾਏ ਪੂਜਾ ਜੰਤਰ, ਭੋਜ ਪਤਰ ਜਾਂ ਧਾਤੂ ਪਤਰ ਦੇ ਟੁਕੜੇ ਤੇ ਲਿਖ ਕੇ ਲਿਖੇ ਭੋਜਨ ਜੰਤਰ , ਜੌ ਧੋ ਕੇ ਪੀਤੇ ਜਾਂਦੇ ਹਨ ਅਤੇ ਲਿਖਤ ਜਾਂ ਉਕਰੇ ਰੂਪ ਵਿਚ ਤਾਵੀਜ਼ ਦੇ ਰੂਪ ਵਿਚ ਧਾਰਨ ਕਿਤੇ ਗਏ ਜੰਤਰ।

ਤੰਤਰ ਸ਼ਾਸਤਰ ਅਨੁਸਾਰ ਕਿਸੇ ਦੇਵਤੇ ਨੂੰ ਰਿਝਾਉਣ ਲਈ ਆਪਣੇ ਕਾਰਜ ਦੀ ਸਿੱਧੀ ਵਾਸਤੇ ਜਪਣਯੋਗ ਸ਼ਬਦ ਨੂੰ ਮੰਤਰ ਦੀ ਸੰਗਿਆ ਦਿੱਤੀ ਜਾਵੇਗੀ।

ਮੱਧਕਾਲੀਨ ਪੰਜਾਬੀ ਸਾਹਿਤ ਵਿਚ ਮੰਤਰਾਂ ਜੰਤਰਾ ਸਬੰਧੀ ਬਹੁਤ ਉਦਾਹਰਣ ਮਿਲਦੇ ਹਨ। ਤਾਵੀਜ਼ , ਝਾੜ, ਆਦਿ ਵੀ ਜੰਤਰਾਂ ਮੰਤਰਾਂ ਦੇ ਦੇਸੀ ਰੂਪ ਹਨ

ਓ) ਗੰਢੇ ਲੱਖ ਤਾਵੀਜ਼ ਤੇ ਧੁੱਪ ਧੂਣੀ

     ਸੁਤ ਆਂਦੇ ਨੀ ਕੰਜ ਕਵਾਰੀਆ ਦੇ।[19]

ਲੋਕ ਧੰਦੇ ਜਾਂ ਕਿੱਤੇ

[ਸੋਧੋ]

ਸਿਲਾਈ, ਕਢਾਈ, ਕਸ਼ੀਦਾਕਾਰੀ, ਕਪੜਾ ਬੁਣਨਾ, ਤਰਖਾਣ, ਕੁਸਿਹਾਰ ਆਦਿ।

ਲੋਕ ਮਨੋਰੰਜਨ

[ਸੋਧੋ]

ਲੋਕ ਖੇਡਾਂ, ਤਮਾਸ਼ੇ

ਫੁਟਕਲ

[ਸੋਧੋ]

ਇਸ਼ਾਰੇ ਅਤੇ ਚਿੰਨ੍ਹ ਆਦਿ।”[20]

ਸਹਿਯੋਗੀ ਖੇਤਰ

[ਸੋਧੋ]

ਲੋਕਧਾਰਾ, ਸਭਿਆਚਾਰ, ਭਾਸ਼ਾ, ਸਾਹਿਤ, ਭੂਗੋਲ, ਇਤਿਹਾਸ, ਮਨੁੱਖੀ ਜੀਵਨ ਨਾਲ ਸੰਬੰਧਿਤ ਵਿਸ਼ੇਸ਼ ਅਤੇ ਮਹੱਤਵਪੂਰਨ ਗਿਆਨ ਖੇਤਰ ਹਨ , ਜਿਨ੍ਹਾਂ ਦਾ ਆਪਸ ਵਿੱਚ ਅਟੁੱਟ ਰਿਸ਼ਤਾ ਹੈ। ਇਹ ਗਿਆਨ ਖੇਤਰ ਕਿਸੇ ਖਿੱਤੇ ਦੇ ਲੋਕਾਂ ਦੇ ਸਮੁੱਚੇ ਜੀਵਨ ਸਫ਼ਰ ਨਾਲ ਅਤੇ ਸਬੰਧਿਤ ਸਮਾਜ ਦੇ ਵਿਲੱਖਣ ਲੱਛਣਾਂ ਨੂੰ ਨਿਰਧਾਰਤ ਕਰਨ ਵਿੱਚ ਵੀ ਸਹਿਯੋਗੀ ਬਣਦੇ ਹਨ। ਲੋਕਧਾਰਾ ਨਾਲ ਸਬੰਧਤ ਗਿਆਨ ਖੇਤਰ ਇਸ ਤਰ੍ਹਾਂ ਹਨ :

  1. ਭੂਗੋਲ
  2. ਇਤਿਹਾਸ
  3. ਸਭਿਆਚਾਰ
  4. ਸਭਿਆਚਾਰ
  5. ਭਾਸ਼ਾ
  6. ਸਾਹਿਤ

ਲੋਕਧਾਰਾ ਅਤੇ ਭੂਗੋਲ

[ਸੋਧੋ]

ਕਿਸੇ ਵਿਸ਼ੇਸ਼ ਖਿੱਤੇ ਦੀ ਧਰਤੀ ਜਾਂ ਪ੍ਰਕਿਰਤਕ ਵਾਤਾਵਰਨ ਦੇ ਵਿਗਿਆਨਕ ਅਧਿਐਨ ਨੂੰ ਭੂਗੋਲ ਕਿਹਾ ਜਾਂਦਾ ਹੈ ।ਭੂਗੋਲ ਅਤੇ ਲੋਕਧਾਰਾ ਦੋਵੇਂ ਵਰਤਾਰੇ ਕਿਸੇ ਵਿਸ਼ੇਸ਼ ਇਲਾਕੇ ਨਾਲ ਸਬੰਧ ਰਖਦੇ ਹਨ । ਜਿਹੋ-ਜਿਹਾ ਕਿਸੇ ਇਲਾਕੇ ਦਾ ਭੂਗੋਲਿਕ ਵਾਤਾਵਰਨ ਹੋਵੇਗਾ ਉਥੋਂ ਦੀ ਲੋਕਧਾਰਾ ਉੱਤੇ ਵੀ ਉਹੋ ਜਿਹਾ ਪ੍ਰਭਾਵ ਪੈਂਦਾ ਹੈ । ਜੇਕਰ ਕਿਸੇ ਇਲਾਕੇ ਵਿੱਚ ਕਿੱਕਰਾਂ ਤੇ ਟਾਹਲੀਆਂ ਵਧੇਰੇ ਹਨ ਤਾਂ ਉਥੋਂ ਦੀਆਂ ਲੋਕ- ਕਹਾਣੀਆਂ ਅਤੇ ਲੋਕਗੀਤਾਂ ਵਿੱਚ ਇਨ੍ਹਾਂ ਦਰੱਖਤਾਂ ਦਾ ਜ਼ਿਕਰ ਵਧੇਰੇ ਹੋਵੇਗਾ । ਜੇਕਰ ਕੋਈ ਵਧੇਰੇ ਉਪਜਾਊ ਤੇ ਖੇਤੀ ਪ੍ਰਧਾਨ ਖਿੱਤਾ ਹੈ ਤਾਂ ਉਥੋਂ ਦੀ ਲੋਕਧਾਰਾ ਵਿੱਚ ਕਿਸਾਨੀ ਜੀਵਨ ਦਾ ਜ਼ਿਕਰ ਵਧੇਰੇ ਮਿਲੇਗਾ ਕਿਉਂਕਿ ਕਿਸੇ ਇਲਾਕੇ ਦਾ ਜਿਹੋ ਜਿਹਾ ਭੂਗੋਲਿਕ ਵਾਤਾਵਰਨ ਹੁੰਦਾ ਹੈ,ਉਥੋਂ ਦਾ ਰਹਿਣ-ਸਹਿਣ ਵੀ ਉਹੋ ਜਿਹਾ ਹੀ ਬਣ ਜਾਂਦਾ ਹੈ ਅਤੇ ਉਥੋਂ ਦੀ ਲੋਕਧਾਰਾ ਵੀ ਉਹੋ ਜਿਹਾ ਹੀ ਰੂਪ ਧਾਰਨ ਕਰ ਲੈਂਦੀ ਹੈ। ਜਿਵੇਂ ਹਿੰਦੁਸਤਾਨ ਦੇ ਬਾਕੀ ਪ੍ਰਾਤਾਂ ਦੇ ਮੁਕਾਬਲਤਨ ਪੰਜਾਬ ਨੂੰ ਖੇਤੀ ਪ੍ਰਧਾਨ ਪ੍ਰਾਂਤ ਹੋਣ ਸਦਕਾ ਖੁਸ਼ਹਾਲ ਮੰਨਿਆ ਜਾਂਦਾ ਹੈ ਅਤੇ ਇਥੋਂ ਦੇ ਲੋਕ- ਕਾਵਿ ਵਿੱਚ ਵੀ ਕਿਸਾਨੀ ਜੀਵਨ ਦਾ ਚਿਤਰਣ ਸਭ ਤੋਂ ਵੱਧ ਮੂਰਤੀਮਾਨ ਹੋਇਆ ਹੈ:

       * ਮੋਢੇ ਹਲੜਾ ਤੇ ਹੱਥ ਪਰਾਣੀ / ਅੱਗੇ ਜੋਗ ਢੱਗਿਆਂ ਦੀ ।
     * ਜੱਟੀ ਪੰਦਰਾਂ ਮੁਰਬਿਆਂ ਵਾਲੀ / ਭੱਤਾ ਲੈ ਕੇ ਖੇਤ ਨੂੰ ਚੱਲੀ ।

ਲੋਕਧਾਰਾ ਅਤੇ ਇਤਿਹਾਸ

[ਸੋਧੋ]

ਇਤਿਹਾਸ ਭੂਤਕਾਲੀ ਸਮੇਂ ਵਿੱਚ ਲਿਖਿਆ ਅਜਿਹਾ ਗਿਆਨ ਹੈ ਜੋ ਮਨੁੱਖੀ ਜੀਵਨ ਦੀਆਂ ਪ੍ਰਾਪਤੀਆਂ ਅਤੇ ਅਸਫਲਤਾਵਾਂ ਦਾ ਬਿਓਰਾ ਹੈ ।ਪ੍ਰਾਚੀਨ ਕਾਲ ਵਿੱਚ ਮਨੁੱਖੀ ਜੀਵਨ ਜਿਨ੍ਹਾਂ ਸਮਾਜਕ , ਸਭਿਆਚਾਰਕ , ਆਰਥਿਕ ਪ੍ਰਸਥਿਤੀਆਂ ਵਿਚੋਂ ਲੰਘਿਆਂ , ਇਸ ਦੀ ਸਾਰੀ ਜਾਣਕਾਰੀ ਸਾਨੂੰ ਇਤਿਹਾਸ ਤੋਂ ਹਾਸਿਲ ਹੁੰਦੀ ਹੈ । ਇਤਿਹਾਸ ਅਸਲ ਵਿੱਚ ਮਨੁੱਖੀ ਸਮਾਜ ਨਾਲ ਹੀ ਜੁੜਿਆ ਹੋਇਆ ਹੈ । ਸਮਾਜਕ ਮਨੁੱਖ ਅੰਤਿਮ ਰੂਪ ਵਿੱਚ ਇੱਕ ਆਪਣੀ ਪਛਾਣ ਇਤਿਹਾਸ ਰਾਹੀਂ ਹੀ ਪ੍ਰਾਪਤ ਕਰਦਾ ਹੈ । ਅਤੀਤ ਦੀਆਂ ਘਟਨਾਵਾਂ ਦੀ ਰੌਸ਼ਨੀ ਵਿੱਚ ਉਹ ਆਪਣੇ ਵਰਤਮਾਨ ਦੀ ਸਿਰਜਣਾ ਕਰਦਾ ਹੈ । ਲੋਕਧਾਰਾ ਇਤਿਹਾਸ ਕੋਲੋਂ ਸਮੱਗਰੀ ਲੈ ਕੇ ਉਸਦੀ ਪੇਸ਼ਕਾਰੀ ਆਪਣੇ ਢੰਗ ਨਾਲ ਕਰਦੀ ਹੈ । ਜਿਵੇਂ ਕਿ ਪੰਜਾਬੀ ਲੋਕਧਾਰਾ ਵਿੱਚ ਬਹੁਤ ਸਾਰੀਆਂ ਲੋਕੋਕਤੀਆਂ ਇਹੋ ਜਿਹੀਆਂ ਮਿਲਦੀਆਂ ਹਨ ਜਿਹੜੀਆਂ ਉਸ ਸਮੇਂ ਦੇ ਸਮਾਜ ਦੇ ਇਤਿਹਾਸ ਅਤੇ ਰਾਜਨੀਤਿਕ ਹਾਲਾਤਾਂ ਦੀ ਤਰਜਮਾਨੀ ਕਰਦੀਆਂ ਹਨ ।

        * ਪੰਜਾਬ ਦੇ ਜਾਇਆ ਨੂੰ ਨਿੱਤ ਮੁਹਿੰਮਾਂ ।
        * ਖਾਧਾ ਪੀਤਾ ਲਾਹੇ ਦਾ , ਰਹਿੰਦਾ ਅਹਿਮਦ ਸ਼ਾਹੇ ਦਾ

ਕਿਸੇ ਵੀ ਸਮਾਜ ਨਾਲ ਸਬੰਧਿਤ ਲੋਕਾਂ ਦਾ ਇਤਿਹਾਸ ਭਾਵੇਂ ਕਿੰਨਾ ਵੀ ਵਿਗਿਆਨਕ ਕਿਉਂ ਨਾ ਹੋਵੇ , ਪੂਰਨ ਰੂਪ ਵਿੱਚ ਲੋਕਧਾਰਕ ਲੱਛਣਾਂ ਤੋਂ ਮੁਕਤ ਨਹੀਂ ਹੁੰਦਾ ।

ਲੋਕਧਾਰਾ ਅਤੇ ਸਭਿਆਚਾਰ

[ਸੋਧੋ]

ਲੋਕਧਾਰਾ ਅਤੇ ਸੱਭਿਆਚਾਰ ਮਨੁੱਖੀ ਜੀਵਨ ਨਾਲ ਸਬੰਧਿਤ ਵਿਸ਼ੇਸ਼ ਤੇ ਮਹੱਤਵਪੂਰਨ ਵਰਤਾਰੇ ਹਨ , ਜਿਨ੍ਹਾਂ ਦਾ ਆਪਸ ਵਿੱਚ ਅਟੁੱਟ ਰਿਸ਼ਤਾ ਹੈ । ਇਹ ਦੋਵੇਂ ਵਰਤਾਰੇ ਕਿਸੇ ਖਿੱਤੇ ਦੇ ਲੋਕਾਂ ਨਾਲ , ਉਨ੍ਹਾਂ ਦੇ ਸਮੁੱਚੇ ਜੀਵਨ ਸਫ਼ਰ ਨਾਲ , ਲੋਕ ਵਿਸ਼ਵਾਸਾਂ ਨਾਲ , ਲੋਕ ਮਨ ਤੇ ਪਰੰਪਰਾ ਨਾਲ ਨਿਰੰਤਰ ਗਤੀਸ਼ੀਲ ਰਹਿੰਦੇ ਹਨ ਅਤੇ ਸਬੰਧਿਤ ਸਮਾਜ ਦੇ ਵਿਲੱਖਣ ਲੱਛਣਾਂ ਨੂੰ ਨਿਰਧਾਰਤ ਕਰਨ ਵਿੱਚ ਵੀ ਸਹਿਯੋਗੀ ਬਣਦੇ ਹਨ । ਸਭਿਆਚਾਰ ਆਪਣੇ ਆਪ ਵਿੱਚ ਸਮੁੱਚੇ ਮਨੁੱਖੀ ਜੀਵਨ ਵਾਂਗ ਹੀ ਸਰਵ ਵਿਆਪਕ ਅਤੇ ਵਿਸ਼ਾਲ ਅਰਥ ਖੇਤਰ ਵਾਲਾ ਵਰਤਾਰਾ ਹੈ , ਜਿਸ ਵਿੱਚ ਮਨੁੱਖੀ ਜੀਵਨ ਦੇ ਬਹੁ ਪੱਖੀ ਪਹਿਲੂ ਸਮਾਏ ਹੋਏ ਹਨ ਅਤੇ ਲੋਕਧਾਰਾ ਸੱਭਿਆਚਾਰ ਨੂੰ ਪੇਸ਼ ਕਰਨ ਦਾ ਮਹੱਤਵਪੂਰਨ ਮਾਧਿਅਮ ਹੈ ।

ਲੋਕਧਾਰਾ ਸੱਭਿਆਚਾਰ ਦਾ ਇੱਕ ਭਾਗ ਵੀ ਹੈ ਅਤੇ ਪ੍ਰਗਟਾਅ ਮਾਧਿਅਮ ਵੀ । ਇਸ ਲਈ ਕਿਸੇ ਵੀ ਸਮਾਜ ਨੂੰ ਉਸਦੀ ਸਮਾਜਿਕਤਾ ਨੂੰ ਜਾਂ ਸੱਭਿਆਚਾਰ ਅਸਲੀਅਤ ਨੂੰ ਉਸਦੀ ਲੋਕਧਾਰਾ ਰਾਹੀਂ ਹੀ ਸਮਝਿਆ ਜਾ ਸਕਦਾ ਹੈ । ਡਾ. ਵਣਜਾਰਾ ਬੇਦੀ ਨੇ ਆਪਣੀ ਸੰਪਾਦਕ ਕੀਤੀ ਪੁਸਤਕ ਲੋਕ ਪਰੰਪਰਾ ਅਤੇ ਸਾਹਿਤ ਵਿੱਚ ਲੋਕਧਾਰਾ ਅਤੇ ਸੱਭਿਆਚਾਰ ਦੇ ਅੰਤਰ-ਸਬੰਧਾਂ ਬਾਰੇ ਚਰਚਾ ਕੀਤੀ ਹੈ :

ਲੋਕ ਵਿਅਕਤੀ ਪਰੰਪਰਾ ਨਾਲ ਬਝਿਆ , ਲੋਕਧਾਰਾ ਦੀਆਂ ਰੂੜ੍ਹੀਆਂ ਦਾ ਉਹ ਪੁਨਰ ਸਿਰਜਕ ਹੈ ਜਿਸ ਦੇ ਬਹੁਤੇ ਸੰਸਕ੍ਰਿਤਕ ਕਰਮ ਲੋਕ ਮਨ ਦੀ ਹੀ ਅਭਿਵਿਅਕਤੀ ਹਨ ਅਤੇ ਜਿਸ ਦੇ ਜੀਵਨ ਦਾ ਸਾਰਾ ਪ੍ਰਵਾਹ ਲੋਕ ਸੰਸਕਿਤੀ ਵਿਚੋਂ ਦੀ ਫੁੱਟਦਾ ਹੋਇਆ ਉਸੇ ਵਿੱਚ ਜਾ ਸਮਾਂਦਾ ਹੈ ।[21]

ਲੋਕਧਾਰਾ ਅਤੇ ਸੱਭਿਆਚਾਰ ਦੋਵੇਂ ਵਰਤਾਰੇ ਕਿਸੇ ਵੀ ਖਿੱਤੇ ਦੇ ਲੋਕਾਂ ਦੇ ਜੀਵਨ ਦੀ ਮੂੰਹ ਬੋਲਦੀ ਤਸਵੀਰ ਹੁੰਦੇ ਹਨ । ਜਿਸ ਤਰ੍ਹਾਂ ਪੰਜਾਬੀ ਸਭਿਆਚਾਰ ਸਦੀਆਂ ਬੱਧੀ ਪਿੰਡ ਕੇਂਦਰਿਤ ਤੇ ਕਿਸਾਨੀ ਮਾਨਸਿਕਤਾ ਵਾਲਾ ਰਿਹਾ ਹੈ ਤਾਂ ਇੱਥੋਂ ਦੀ ਲੋਕਧਾਰਾ ਵਿੱਚ ਵੀ ਖੇਤੀਬਾੜੀ ਦਾ ਜ਼ਿਕਰ ਵਧੇਰੇ ਹੈ । ਲੋਕਧਾਰਾ ਦੇ ਬਾਕੀ ਪੱਖਾਂ ਨਾਲੋਂ ਪੰਜਾਬੀ ਲੋਕ ਗੀਤਾਂ ਵਿੱਚ ਸਭਿਆਚਾਰ ਦਾ ਪ੍ਰਗਟਾਵਾ ਸਭ ਤੋਂ ਜ਼ਿਆਦਾ ਹੋਇਆ ਹੈ । ਡਾ. ਵਣਜਾਰਾ ਬੇਦੀ ਨੇ ਡਾ. ਨਾਹਰ ਸਿੰਘ ਰਚਿਤ ਪੁਸਤਕ ' ਲੋਕ ਕਾਵਿ ਦੀ ਸਿਰਜਨ ਪ੍ਰਕਿਰਿਆ ' ਦੀ ਭੂਮਿਕਾ ਵਿਚ ਲਿਖਿਆ ਹੈ :

ਲੋਕਗੀਤ ਕਿਸੇ ਸਭਿਆਚਾਰ ਦੀ ਮੂਲ ਨੁਹਾਰ ਦੀ ਪਛਾਣ ਹੁੰਦੇ ਹਨ । ਕਿਸੇ ਜਾਤੀ ਦੇ ਸਭਿਆਚਾਰ ਦੇ ਨੈਣ-ਨਕਸ਼ , ਉਸਦੀ ਰਹਿਤ-ਬਹਿਤ , ਸੋਚ , ਮਨੌਤਾਂ ਅਤੇ ਵਿਵਹਾਰ ਆਪਣੇ ਸੁੱਚੇ-ਸੁੱਚੇ ਰੂਪ ਵਿੱਚ ਲੋਕਗੀਤਾਂ ਵਿੱਚ ਹੀ ਸੁਰੱਖਿਅਤ ਹੁੰਦੇ ਹਨ । ਇਸ ਪੱਖੋਂ , ਕਿਸੇ ਸਭਿਆਚਾਰ ਵਿਚ ਬਿਖਰੇ ਹਰ ਤਰ੍ਹਾਂ ਦੇ ਲੋਕਗੀਤ ਭਾਵੇਂ ਉਨ੍ਹਾਂ ਵਿੱਚ ਸਾਹਿਤਕ ਰੰਗ ਪੇਤਲਾ ਹੋਵੇ ਜਾਂ ਸੰਘਣਾ ਮਹੱਵਪੂਰਨ ਭੂਮਿਕਾ ਨਿਭਾ ਰਹੇ ਹੁੰਦੇ ਹਨ । ਇਹ ਕਿਸੇ ਸਭਿਆਚਾਰ ਦੀ ਰੂੜ੍ਹੀ ਨੂੰ ਆਪਣੇ ਅੰਦਰ ਸਮੋਈ ਰੱਖਦੇ ਹਨ [22]

ਲੋਕਧਾਰਾ ਸਭਿਆਚਾਰ ਦਾ ਅਜਿਹਾ ਪ੍ਰਗਟਾ ਮਾਧਿਅਮ ਹੈ , ਜਿਸ ਦੇ ਗਹਿਰੇ ਅਧਿਐਨ ਬਗੈਰ ਸਭਿਆਚਾਰ ਦੀ ਪਹਿਚਾਣ ਕਰਨੀ ਔਖੀ ਹੋ ਜਾਂਦੀ ਹੈ । ਇਹ ਇੱਕ ਪ੍ਰਵਾਹ ਵਾਂਗ ਪਰੰਪਰਾ ਤੋਂ ਚਲਦਾ , ਯੁੱਗਾਂ ਨਾਲ ਕਦਮ ਮੇਚ ਕੇ ਤੁਰਦਾ , ਹਰੇਕ ਸਭਿਆਚਾਰਕ ਵਰਤਾਰੇ ਅਤੇ ਮਨੁੱਖੀ ਸੋਚ ਵਿੱਚ ਆਪਣੀ ਅਹਿਮੀਅਤ ਦਰਸਾਉਂਦਾ ਹੈ । ਲੋਕਧਾਰਾ ਵਾਂਗ ਹੀ ਸਭਿਆਚਾਰ ਦਾ ਮਹੱਵਪੂਰਨ ਪ੍ਰਗਟਾ ਮਾਧਿਅਮ ਭਾਸ਼ਾ ਵੀ ਹੈ । ਭਾਸ਼ਾ ਨੂੰ ਲੋਕਧਾਰਾ ਅਤੇ ਸਭਿਆਚਾਰ ਵਿਚਕਾਰ ਸਬੰਧਾਂ ਦੀ ਕੜੀ ਮੰਨਦੇ ਹੋਏ ਡਾ. ਨਾਹਰ ਸਿੰਘ ਨੇ ਵਿਚਾਰ ਪ੍ਰਗਟਾਏ ਹਨ :

ਸਭਿਆਚਾਰ ਨੂੰ ਮਨੁੱਖੀ ਸਮੂਹ ਵਲੋਂ ਪ੍ਰਕ੍ਰਿਤੀ ਉੱਤੇ ਮਾਨਵੀ ਅਮਲ ਰਾਹੀਂ ਕੀਤੀਆਂ ਗਈਆਂ ਸਮੂਹਕ ਸਿਰਜਨਾਵਾਂ ਦੇ ਸਮੁੱਚੇ ਪ੍ਰਬੰਧ ਵਜੋਂ ਪਰਿਭਾਸ਼ਤ ਕੀਤਾ ਜਾਂਦਾ ਹੈ । ਲੋਕਧਾਰਾ ਅਤੇ ਭਾਸ਼ਾ ਇਸੇ ਅਮਲ ਵਿਚੋਂ ਸਹਿਜ ਰੂਪ ਵਿੱਚ ਉਪਜ ਕੇ ਇਸ ਸਮੁੱਚੇ ਅਮਲ ਦੇ ਪ੍ਰਗਟਾ ਮਾਧਿਅਮ ਵਜੋਂ ਕਾਰਜਸ਼ੀਲ ਰਹਿੰਦੇ ਹਨ । [23]

ਇਸ ਤਰ੍ਹਾਂ ਸਭਿਆਚਾਰ ਇੱਕ ਤਰ੍ਹਾਂ ਨਾਲ ਸਮੂਹਿਕ ਮਨੁੱਖੀ ਸਿਰਜਨਾ ਦਾ ਸਮੁੱਚ ਹੁੰਦਾ ਹੈ ਅਤੇ ਲੋਕਧਾਰਾ ਇਸ ਨੂੰ ਭਾਸ਼ਾ ਰਾਹੀਂ ਪ੍ਰਗਟਾਉਣ ਦਾ ਕਾਰਜ ਕਰਦੀ ਹੈ । ਸਭਿਆਚਾਰ ਨੂੰ ਜ਼ੁਬਾਨ ਲੋਕਧਾਰਾ ਦੁਆਰਾ ਪ੍ਰਾਪਤ ਹੁੰਦੀ ਹੈ ਪਰ ਇਸ ਦਾ ਮਾਧਿਅਮ ਭਾਸ਼ਾ ਬਣਦੀ ਹੈ ।

ਲੋਕਧਾਰਾ ਅਤੇ ਭਾਸ਼ਾ

[ਸੋਧੋ]

ਮਨੁੱਖੀ ਦੀ ਬਾਕੀ ਪ੍ਰਕਿਰਤਕ ਜੀਵਾਂ ਨਾਲੋਂ ਵੱਖਰਤਾ ਅਤੇ ਵਿਸ਼ੇਸ਼ਤਾ ਭਾਸ਼ਾ ਕਰਕੇ ਹੀ ਹੈ । ਭਾਸ਼ਾ ਹੀ ਉਹ ਸੰਚਾਰ ਮਾਧਿਅਮ ਹੈ ਜਿਸ ਰਾਹੀਂ ਮਨੁੱਖੀ ਮਨ ਦੀਆਂ ਸੋਚਾਂ , ਕਲਪਨਾਵਾਂ , ਵਿਚਾਰਧਾਰਾਵਾਂ ਅਤੇ ਭਾਵਨਾਵਾਂ ਦਾ ਸ਼ਾਬਦਿਕ ਪ੍ਰਗਟਾਓ ਹੁੰਦਾ ਹੈ । ਮਨੁੱਖ ਦੇ ਸਮਾਜਿਕ ਪ੍ਰਾਣੀ ਹੋਣ ਵਿੱਚ ਵੀ ਭਾਸ਼ਾ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ , ਕਿਉਂਕਿ ਭਾਸ਼ਾ ਹੀ ਮਨੁੱਖ ਨੂੰ ਮਨੁੱਖ ਅਤੇ ਸਮਾਜਿਕ ਮਰਿਆਦਾਵਾਂ ਦਾ ਸੰਚਾਰ ਕਰਨ ਦੇ ਵੀ ਸਮਰੱਥ ਹੈ । ਇਸ ਸੰਬੰਧੀ ਚਰਚਾ ਕਰਦੇ ਹੋਏ ਡਾ. ਸੁਰਜੀਤ ਸਿੰਘ ਭੱਟੀ ਨੇ ਆਪਣੀ ਪੁਸਤਕ ' ਪ੍ਰੰਪਰਾ : ਪੁਨਰ ਚਿੰਤਨ ' ਵਿੱਚ ਲਿਖਿਆ ਹੈ :

ਮਨੁੱਖ ਨੂੰ ਪਸ਼ੂ ਜਗਤ ਨਾਲੋਂ ਨਿਖੇੜਨ ਵਾਲੀਆਂ ਦੋ ਵਸਤਾਂ ਹਨ ਭਾਸ਼ਾ ਅਤੇ ਮਨੁੱਖ ਦੀ ਸੰਦ ਬਣਾਉਣ ਦੀ ਸਮਰੱਥਾ । ਭਾਸ਼ਾ ਇੱਕ ਸਮਾਜਿਕ ਵਰਤਾਰਾ ਹੈ । ਭਾਸ਼ਾ ਦਾ ਪ੍ਰਯੋਗ ਭਾਵੇਂ ਵਿਅਕਤੀ ਪੱਧਰ ਤੇ ਹੀ ਹੁੰਦਾ ਹੈ ਪਰੰਤੂ ਭਾਸ਼ਾ ਅਸਲ ਵਿੱਚ ਸਮਾਜਕ ਆਦਾਨ ਪ੍ਰਦਾਨ ਅਤੇ ਮਨੁੱਖੀ ਮਨ ਦੀਆਂ ਆਂਤਰਿਕ ਭਾਵਨਾਵਾਂ ਦੇ ਸੰਚਾਰ ਦਾ ਇੱਕੋ ਇੱਕ ਸਮਾਜਿਕ ਮਾਧਿਅਮ ਹੈ । [24]

ਭਾਸ਼ਾ ਅਤੇ ਲੋਕਧਾਰਾ ਦੋਵੇਂ ਹੀ ਮਨੁੱਖੀ ਸਮਾਜ ਨਾਲ ਗਹਿਰਾ ਸੰਬੰਧ ਰੱਖਦੇ ਹਨ ਕਿਉਂਕਿ ਸਮਾਜ ਹੀ ਲੋਕਧਾਰਾ ਅਤੇ ਭਾਸ਼ਾ ਨੂੰ ਅਰਥ ਪ੍ਰਦਾਨ ਕਰਦਾ ਹੈ । ਇਸ ਤੋਂ ਇਲਾਵਾ ਲੋਕਧਾਰਾ ਅਤੇ ਭਾਸ਼ਾ ਵਿੱਚ ਸਾਂਝ ਇਨ੍ਹਾਂ ਦੋਵਾਂ ਵਿੱਚ ਹੀ ਸੰਚਾਰ ਦਾ ਗੁਣ ਮੌਜੂਦ ਹੋਣ ਕਾਰਨ ਹੈ । ਇਸ ਨੂੰ ਵਧੇਰੇ ਸਪੱਸ਼ਟ ਕਰਦਿਆਂ ਅਤੇ ਭਾਸ਼ਾ ਦੇ ਸਮਾਨ ਲੋਕਧਾਰਾ ਨੂੰ ਸੰਚਾਰ ਪ੍ਰਬੰਧ ਮੰਨਦਿਆਂ ਡਾ. ਗੁਰਮੀਤ ਸਿੰਘ ਨੇ ਆਪਣੀ ਪੁਸਤਕ ' ਲੋਕਧਾਰਾ ਪਰੰਪਰਾ ਤੇ ਆਧੁਨਿਕਤਾ ' ਵਿੱਚ ਵਿਚਾਰ ਚਰਚਾ ਕੀਤੀ ਹੈ :

' ਭਾਸ਼ਾ ' ਦੇ ਸਮਾਨਾਂਤਰ ਲੋਕਧਾਰਾ ਵੀ ਇੱਕ ਸੰਚਾਰ ਪ੍ਰਬੰਧ ਹੈ । ਭਾਸ਼ਾ ਵਾਂਗ ' ਲੋਕਧਾਰਾ ' ਵੀ ਸਮਾਜ ਵਿਚੋਂ ਅਚੇਤ ਤੌਰ 'ਤੇ ਗ੍ਰਹਿਣ ਕੀਤੀ ਜਾਂਦੀ ਹੈ । ਇਸੇ ਲਈ ਇਹ ਭਾਸ਼ਾ ਸਮੂਹ ਦੇ ਮੈਂਬਰਾਂ ਕੋਲ ਭਾਸ਼ਾਈ ਸਮਰੱਥਾ ਦੇ ਨਾਲ ਨਾਲ ਲੋਕਧਾਰਾਈ ਸਮਰੱਥਾ ਵੀ ਹੁੰਦੀ ਹੈ । ਉਹ ਇਸ ਨਾਲ ਭਾਸ਼ਾਈ ਤੇ ਲੋਕਧਾਰਾਈ ਨਿਭਾਓ ਨੂੰ ਸਮਝਦੇ ਹਨ ਅਤੇ ਇਸ ਦੀ ਮੱਦਦ ਨਾਲ ਸਮੂਹਕਤਾ ਸਵੈ ਦੀਆਂ ਭਾਵਨਾਵਾਂ ਨੂੰ ਸੰਚਾਰਦੇ ਹਨ । [25]

ਭਾਸ਼ਾ ਅਤੇ ਲੋਕਧਾਰਾ ਦੋਵੇਂ ਗਿਆਨ ਖੇਤਰ ਸਭਿਆਚਾਰ ਦੇ ਪ੍ਰਗਟਾਅ ਮਾਧਿਅਮ ਵਜੋਂ ਕਾਰਜ ਕਰਦੇ ਹਨ । ਮਨੁੱਖੀ ਜੀਵਨ ਦੇ ਸਾਰੇ ਲੋਕਧਾਰਕ ਪਾਸਾਰ ਭਾਵੇਂ ਕੇਵਲ ਭਾਸ਼ਾ ਰਾਹੀਂ ਉੱਘੜਨੇ ਸੰਭਵ ਨਾ ਹੋਣ ਕਿਉਂਕਿ ਲੋਕ ਜੀਵਨ ਦੇ ਕਈ ਲੋਕਧਾਰਕ ਆਧਾਰ ਕਿਤੇ ਚਿਤਰਾਂ ਰਾਹੀਂ , ਕਿਤੇ ਲੋਕ ਕਿੱਤਿਆਂ ਰਾਹੀਂ ਵੀ ਸਾਕਾਰ ਹੁੰਦੇ ਹਨ ਪਰ ਸਾਹਿਤਕ ਪੱਖੋਂ ਇਨ੍ਹਾਂ ਦੇ ਮਾਧਿਅਮ ਨਿਸ਼ਚਿਤ ਰੂਪ ਵਿੱਚ ਭਾਸ਼ਾ ਹੀ ਬਣਦੀ ਹੈ । ਜਿਵੇਂ ਕਿਸੇ ਦਰੀ ਉੱਤੇ ਪਾਏ ਡਿਜ਼ਾਇਨ ਨੂੰ ਪ੍ਰਗਟਾਉਣਾ ਤਾਂ ਦਰੀ ਪੇਸ਼ ਕਰਨ ਦੀ ਲੋੜ ਨਹੀਂ ਸਗੋਂ ਦਰੀ ਉੱਤੇ ਪਾਏ ਡਿਜ਼ਾਇਨ ਦੀ ਕਲਾਤਮਕਤਾ ਭਾਸ਼ਾਈ ਅਤੇ ਸੰਚਾਰ-ਜੁਗਤਾਂ ਰਾਹੀਂ ਵੀ ਭਲੀ- ਭਾਂਤ ਪ੍ਰਗਟ ਕੀਤੀ ਜਾ ਸਕਦੀ ਹੈ । ਡਾ. ਨਾਹਰ ਸਿੰਘ ਨੇ ਭਾਸ਼ਾ ਅਤੇ ਲੋਕਧਾਰਾ ਨੂੰ ਸਭਿਆਚਾਰ ਦਾ ਪ੍ਰਗਟਾ ਮਾਧਿਅਮ ਮੰਨਦੇ ਹੋਏ ਚਰਚਾ ਕੀਤੀ ਹੈ :

ਸਭਿਆਚਾਰ ਨੂੰ ਮਨੁੱਖੀ ਸਮੂਹ ਵਲੋਂ ਪ੍ਰਕਿਰਤੀ ਉੱਤੇ ਮਾਨਵੀ ਅਮਲ ਰਾਹੀਂ ਕੀਤੀਆਂ ਗਈਆਂ ਸਮੂਹਕ ਸਿਰਜਨਾਵਾਂ ਦੇ ਸਮੁੱਚੇ ਪ੍ਰਬੰਧ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ । ਲੋਕਧਾਰਾ ਅਤੇ ਭਾਸ਼ਾ ਇਸੇ ਅਮਲ ਦੇ ਪ੍ਰਗਟਾ-ਮਾਧਿਅਮ ਵਜੋਂ ਕਾਰਜਸ਼ੀਲ ਰਹਿੰਦੇ ਹਨ । ....ਜਿੱਥੇ ਭਾਸ਼ਾਈ ਸੰਚਾਰ ਆਪ ਹੁਦਰੇ ਚਿਹਨਾਂ ਦੇ ਨਿਸ਼ਚਿਤ ਪ੍ਰਬੰਧ ਰਾਹੀਂ ਹੁੰਦਾ ਹੈ ਉੱਥੇ ਲੋਕਧਾਰਾ ਦੇ ਅਰਥ-ਸੰਚਾਰ ਲਈ ਭਾਸ਼ਾਈ ਤੇ ਗੈਰ-ਭਾਸ਼ਾਈ ਦੋਵੇਂ ਪ੍ਰਕਾਰ ਦੇ ਚਿਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ । [26]

ਇਸ ਤਰ੍ਹਾਂ ਸਭਿਆਚਾਰ ਇਕ ਵਿਸ਼ਾਲ ਵਰਤਾਰਾ ਹੈ ਜਦ ਕਿ ਭਾਸ਼ਾ ਅਤੇ ਲੋਕਧਾਰਾ ਸਭਿਆਚਾਰ ਪ੍ਰਬੰਧ ਵਜੋਂ ਕਾਰਜਸ਼ੀਲ ਹੁੰਦੇ ਹਨ । ਲੋਕਧਾਰਾ ਸਭਿਆਚਾਰ ਨੂੰ ਪ੍ਰਗਟਾਉਣ ਲਈ ਭਾਸ਼ਾਈ ਅਤੇ ਗੈਰ-ਭਾਸ਼ਾਈ ਦੋਵੇਂ ਤਰ੍ਹਾਂ ਦੇ ਮਾਧਿਅਮ ਵਰਤਦੀ ਹੈ ।

ਭਾਸ਼ਾ ਅਤੇ ਲੋਕਧਾਰਾ ਦਾ ਆਪਸ ਵਿੱਚ ਡੂੰਘਾ ਸੰਬੰਧ ਹੈ । ਜਦੋਂ ਭਾਸ਼ਾ ਲੋਕ ਕਾਵਿ ਭਾਸ਼ਾ ਵਿੱਚ ਤਬਦੀਲ ਹੁੰਦੀ ਹੈ ਤਾਂ ਇਸ ਨੂੰ ਸਮਝਣ ਲਈ ਧੜਕਦੇ ਦਿਲ , ਜਜ਼ਬੇ ਭਰਪੂਰ ਮਨ ਅਤੇ ਚੇਤੰਨ ਦਿਮਾਗ ਦਾ ਹੋਣਾ ਲਾਜ਼ਮੀ ਹੈ । ਇਹੀ ਤੱਤ ਭਾਸ਼ਾ ਦਾ ਲੋਕਧਾਰਕ ਆਧਾਰ ਬਣਦਾ ਹੈ । ਭਾਸ਼ਾ ਅਤੇ ਲੋਕਧਾਰਾ ਦੋਵੇਂ ਗਿਆਨਾਤਮਕ ਵਰਤਾਰੇ ਲੋਕ ਮਨਾਂ ਦੇ ਨੇੜੇ ਹੋਣ ਦੇ ਨਾਲ ਨਾਲ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦੇ ਹੋਏ ਆਦਿਮ ਮਨੁੱਖ ਤੋਂ ਲੈ ਕੇ ਅਜੋਕੇ ਮਨੁੱਖ ਦੇ ਮਨ ਤੱਕ ਸਦੀਵੀ ਤੌਰ ਤੇ ਵਸੇ ਹੋਏ ਹਨ । ਜਿੱਥੇ ਭਾਸ਼ਾ ਸੰਚਾਰ ਦਾ ਮਾਧਿਅਮ ਹੈ ਉੱਥੇ ਲੋਕਧਾਰਾ ਵੀ ਲੋਕਾਂ ਦੀਆਂ ਭਾਵਨਾਵਾਂ ਦਾ ਭਾਸ਼ਾਈ ਸੰਚਾਰ ਕਰਦੀ ਹੈ ।

ਲੋਕਧਾਰਾ ਅਤੇ ਸਾਹਿਤ

[ਸੋਧੋ]

ਸਾਹਿਤ ਅਤੇ ਲੋਕਧਾਰਾ ਦੋਵੇਂ ਮਨੁੱਖੀ ਮਨ ਦੀ ਅਭਿਵਿਅਕਤੀ ਹਨ । ਕਈ ਵਿਦਵਾਨਾਂ ਨੇ ਲੋਕਧਾਰਾ ਨੂੰ ਮੌਖਿਕ ਤੇ ਸਮੂਹਿਕ ਗਤੀਸ਼ੀਲ ਪ੍ਰਵਾਹ ਅਤੇ ਸਾਹਿਤ ਨੂੰ ਲਿਖਤੀ ਤੇ ਵਿਅਕਤੀਗਤ ਮੰਨਿਆ ਹੈ । ਅਸਲ ਵਿਚ ਲੋਕਧਾਰਾ ਭਾਵੇਂ ਲੋਕ ਸਮੂਹ ਦੀ ਪ੍ਰਵਾਨਗੀ ਅਧੀਨ ਮੌਖਿਕ ਰੂਪ ਵਿੱਚ ਹੀ ਪੀੜ੍ਹਿਓ- ਪੀੜ੍ਹੀ ਅੱਗੇ ਤੋਂ ਅੱਗੇ ਸੰਚਾਰਿਤ ਹੁੰਦੀ ਹੈ ।

ਲੋਕਧਾਰਾ ਅਤੇ ਸਾਹਿਤ ਦੇ ਸੰਬੰਧਾਂ ਦੀ ਪ੍ਰਮੁੱਖ ਕੜੀ ਲੋਕ-ਰੂੜੀਆਂ ਹਨ । ਜਿੱਥੇ ਇਹ ਰੂੜ੍ਹੀਆਂ ਲੋਕਧਾਰਾ ਦਾ ਅਨਿੱਖੜਵ ਅੰਗ ਹਨ , ਉੱਥੇ ਸਾਹਿਤ ਦੀ ਰਚਨਾਤਮਕ ਕਲਾ ਦਾ ਨਿਗਰ ਆਧਾਰ ਵੀ ਬਣਦੀਆਂ ਹਨ । ਡਾ. ਵਣਜਾਰਾ ਬੇਦੀ ਆਪਣੀ ਸੰਪਾਦਿਤ ਕੀਤੀ ਪੁਸਤਕ ' ਲੋਕ ਪਰੰਪਰਾ ਅਤੇ ਸਾਹਿਤ ' ਦੀ ਭੂਮਿਕਾ ਵਿੱਚ ਲੋਕਧਾਰਾ ਤੇ ਸਾਹਿਤ ਦੇ ਅੰਤਰ-ਸਬੰਧਾਂ ਬਾਰੇ ਵਿਚਾਰ ਕਰਦਿਆਂ ਲਿਖਦੇ ਹਨ :

ਪੰਜਾਬੀ ਸਾਹਿਤ ਤਾਂ ਮੌਲਿਆਂ ਅਤੇ ਵਿਗਸਿਆ ਹੀ ਲੋਕਧਾਰਾ ਦੇ ਤੱਤਾਂ ਅਤੇ ਰੂੜ੍ਹੀਆਂ ਉੱਤੇ ਹੈ । [27]

ਇਉਂ ਸਾਰਾ ਸਾਹਿਤ ਲੋਕਧਾਰਾ ਦੀਆਂ ਪਰੰਪਰਿਕ ਪ੍ਰਵਿਰਤੀਆਂ ਲੋਕ ਤੱਤਾਂ ਤੇ ਲੋਕ ਰੂੜ੍ਹੀਆਂ ਉੱਤੇ ਆਧਾਰਿਤ ਹੈ । ਮੱਧਕਾਲੀ ਸਾਹਿਤ ਨੇ ਤਾਂ ਲੋਕ ਰੂੜ੍ਹੀਆਂ ਤੇ ਤੱਤਾਂ ਨੂੰ ਵੱਡੀ ਮਾਤਰਾ ਵਿੱਚ ਅਪਣਾਇਆ ਹੈ । ਗੁਰਬਾਣੀ ਵਿੱਚ ਬੌਧਿਕ ਤੱਤ ਵਧੇਰੇ ਹੈ , ਪਰ ਬਾਕੀ ਸਿਰਜਨਾ ਜ਼ਿਆਦਾਤਰ ਭਾਵਾਂ ਦੀ ਪੱਧਰ 'ਤੇ ਹੋਣ ਕਰਕੇ ਇਸ ਵਿੱਚ ਸਮਕਾਲੀ ਮਾਨਸਿਕਤਾ ਦੇ ਅਨੁਕੂਲ ਲੋਕ-ਤੱਤਾਂ ਦਾ ਆ ਜਾਣਾ ਸੁਭਾਵਿਕ ਸੀ । ਇਸ ਸੰਬੰਧੀ ਡਾ. ਵਣਜਾਰਾ ਬੇਦੀ ਨੇ ਆਪਣੀ ਪੁਸਤਕ ਲੋਕਧਾਰਾ ਅਤੇ ਸਾਹਿਤ ਵਿਚ ਲਿਖਿਆ ਹੈ :

' ਗਗਨ ਮੈਂ ਥਾਲ ' ਸ਼ਬਦ ਦੀਆਂ ਮੁਢਢਢਢਲੀਆਂ ਪੰਗਤੀਆਂ ਵਿੱਚ ਗੁਰੂ ਨਾਨਕ ਇੱਕ ਨਵੀਂ ਮਿੱਥ ਸਿਰਜ ਕੇ ਲੋਕ-ਭਾਵਨਾ ਨੂੰ ਟੁੰਬ ਰਹੇ ਹਨ । ਮਿਥ ਸਿਰਜਨਾ ਲੋਕਧਾਰਾ ਦੀ ਹੀ ਪ੍ਰਕਿਰਤੀ ਹੈ । [28]

ਬੇਸ਼ਕ ਲੋਕਧਾਰਾ ਅਤੇ ਸਾਹਿਤ ਵੱਖੋ-ਵੱਖਰੇ ਅਨੁਸ਼ਾਸਨ ਹਨ , ਦੋਹਾਂ ਵਿਚ ਸੰਸਾਰ ਪ੍ਰਬੰਧ ਅਤੇ ਸੰਚਾਰ ਪ੍ਰਕਿਰਿਆ ਪੱਖੋਂ ਅੰਤਰ ਹਨ। ਪਰ ਫਿਰ ਵੀ ਕੋਈ ਸਾਹਿਤਕਾਰ ਆਪਣੀ ਰਚਨਾ ਨੂੰ ਲੋਕਧਾਰਕ ਸਮੱਗਰੀ ਤੋਂ ਬਗੈਰ ਸੰਪੂਰਨ ਅਤੇ ਅਤੇ ਪ੍ਰਭਾਵਸ਼ਾਲੀ ਨਹੀਂ ਬਣਾ ਸਕਦਾ।

ਲੋਕਧਾਰਾ ਅਤੇ ਇਸਦੇ ਸਹਿਯੋਗੀ ਖੇਤਰਾਂ ਬਾਰੇ ਚਰਚਾ ਕਰਨ ਤੋਂ ਬਾਅਦ ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਲੋਕਧਾਰਾ , ਭੂਗੋਲ , ਇਤਿਹਾਸ , ਸਭਿਆਚਾਰ , ਭਾਸ਼ਾ ਅਤੇ ਸਾਹਿਤ ਆਪਸ ਵਿਚ ਸੰਬੰਧਿਤ ਮਹੱਤਵਪੂਰਨ ਗਿਆਨਾਤਮਕ ਵਰਤਾਰੇ ਹਨ । ਇਹ ਵਰਤਾਰੇ ਨਾ ਕੇਵਲ ਮਨੁੱਖ ਦੁਆਰਾ ਉਸ ਦੀ ਸਮਾਜਕ ਹੋਂਦ ਸਦਕਾ ਸਿਰਜੇ ਜਾਂਦੇ ਹਨ , ਸਗੋਂ ਸਿਰਜੇ ਜਾਣ ਉਪਰੰਤ ਇਹ ਸੰਬੰਧਿਤ ਸਮਾਜ ਦੇ ਵਿਲੱਖਣ ਲੱਛਣਾਂ ਨੂੰ ਨਿਰਧਾਰਤ ਕਰਨ ਵਿਚ ਵੀ ਸਹਿਯੋਗੀ ਬਣਦੇ ਹਨ। ਇਹ ਸਾਰੇ ਖੇਤਰ ਵਿਸ਼ੇਸ਼ ਕਰਕੇ ਲੋਕਧਾਰਾ, ਸਭਿਆਚਾਰ , ਭਾਸ਼ਾ ਤੇ ਸਾਹਿਤ ਆਪਸ ਵਿਚ ਇੱਕ ਦੂਜੇ ਨੂੰ ਇੰਨੇ ਰਚੇ - ਮਿਚੇ ਹੋਏ ਹਨ ।

ਲੋਕਧਾਰਾ ਅਤੇ ਪ੍ਰਕਾਰਜ

ਲੋਕਧਾਰਾ ਕਿਸੇ ਜਾਤੀ ਦੇ ਲੋਕਾਂ ਦੀ ਮਾਨਸਿਕਤਾ ਦਾ ਮਹੱਤਵਪੂਰਨ ਸੱਭਿਆਚਾਰਕ ਵਿਰਸਾ ਹੁੰਦੀ ਹੈ। ਇਹ ਲੋਕ ਜੀਵਨ ਦਾ ਨਿਰੰਤਰ ਵਹਿੰਦਾ ਪ੍ਰਵਾਹ ਹੈ ਜਿਸ ਅੰਦਰ ਲੋਕ ਜੀਵਨ ਨਾਲ ਸੰਬੰਧਿਤ ਹਰ ਪ੍ਰਕਾਰ ਦੇ ਪੱਖ ਸਮਾਏ ਹੁੰਦੇ ਹਨ । ਲੋਕਧਾਰਾ ਤਾਂ ਕਿਸੇ ਖਿੱਤੇ ਦੇ ਲੋਕਾਂ ਦੀ ਜੀਵਨ -ਸ਼ੈਲੀ ਹੁੰਦੀ ਹੈ।ਇਸ ਦੇ ਕਿਸੇ ਵੀ ਪੱਖ ਨੂੰ ਫਰੋਲ ਕੇ ਅਸੀਂ ਉਸ ਇਲਾਕੇ ਦੇ ਲੋਕਾਂ ਨੂੰ ਉਨ੍ਹਾਂ ਦੇ ਰਹਿਣ ਸਹਿਣ ਦੇ ਢੰਗ ਸਮੇਤ ਪਹਿਚਾਣ ਸਕਦੇ ਹਾਂ। ਜਿਵੇਂ ਮਨੁੱਖ ਦਾ ਪਰਛਾਵਾਂ ਮਨੁੱਖ ਤੋਂ ਅਲੱਗ ਨਹੀਂ ਹੋ ਸਕਦਾ ਉਵੇਂ ਹੀ ਮਨੁੱਖ ਲੋਕਧਾਰਾ ਨੂੰ ਆਪਣੇ ਜੀਵਨ ਵਿੱਚੋਂ ਮਨਫੀ ਨਹੀਂ ਕਰ ਸਕਦਾ। ਲੋਕਧਾਰਾ ਤਾਂ ਸਾਡੀਆਂ ਹਰ ਪਰੰਪਰਾਵਾਂ , ਸਾਡੇ ਸੱਭਿਆਚਾਰ ਦਾ ਅਹਿਮ ਤੇ ਮਹੱਤਵਪੂਰਨ ਹਿੱਸਾ ਹੈ। ਲੋਕਧਾਰਾ ਤੋਂ ਟੁੱਟਿਆਂ ਅਸੀਂ ਆਪਣੀਆਂ ਪਰੰਪਰਾਵਾਂ ਆਪਣੇ ਸੱਭਿਆਚਾਰ ਤੋਂ ਵਿਛੁੰਨ ਹੋ ਜਾਵਾਂਗੇ।

       ਲੋਕਧਾਰਾ ਇੱਕ ਅਜਿਹੀ ਸਿਰਜਨਾ ਦੇ ਰੂਪ ਵਿੱਚ ਸਾਹਮਣੇ ਆਉਦੀ ਜੋ ਕਿਸੇ ਖਿੱਤੇ ਦੇ ਲੋਕਾਂ ਦੇ ਸੱਭਿਆਚਾਰ ਅਤੇ ਲੋਕ ਮਾਨਸਿਕਤਾ ਨੂੰ ਸਮਝਣ ਦਾ ਪ੍ਰਮਾਣਿਕ ਸਰੋਤ ਹੈ। ਇਸਦੀ ਕੋਈ ਵੀ ਪਰਤ ਫਰੋਲਣ ਤੇ ਕਿਸੇ ਵੀ ਖਿੱਤੇ ਦੇ ਲੋਕਾਂ ਨਾਲ ਸੰਬੰਧਿਤ ਲੋਕ ਜੀਵਨ ਦੇ ਦਰਸ਼ਨ ਹੁੰਦੇ ਹਨ।ਸੋ ਲੋਕਧਾਰਾ ਦਾ ਸਭ ਤੋਂ ਵੱਡਾ ਪ੍ਰਕਾਰਜ ਇਹੋ ਹੈ ਕਿ ਇਹ ਸਮੇਂ-ਸਮੇਂ ਤੇ ਪ੍ਰਚਲਿਤ ਰੀਤਾਂ-ਰਸਮਾਂ ਤੇ ਸੰਸਕਾਰਾਂ,ਲੋਕ ਵਿਸ਼ਵਾਸਾਂ,ਰਿਸ਼ਤਾ ਨਾਤਾ ਪ੍ਰਬੰਧ,ਲੋਕ ਸਿਆਣਪਾਂ ਅਤੇ ਮੇਲੇ ਤੇ ਤਿਉਹਾਰਾਂ ਆਦਿ ਨੂੰ ਆਪਣੇ ਕਲਾਵੇ ਵਿੱਚ ਸਦੀਵੀ ਤੌਰ ਤੇ ਸੰਭਾਲੀ ਰੱਖਦੀ ਹੈ।

          ਲੋਕਧਾਰਾ ਮਿੱਥ ਤੇ ਇਤਿਹਾਸ ਦਾ ਕਲਾਤਮਿਕ ਸੁਮੇਲ ਹੈ। ਇਸ ਵਿੱਚ ਲੋਕ ਮਿੱਥਾਂ,ਦੰਤ ਕਥਾਵਾਂ,ਲੋਕ ਕਹਾਣੀਆਂ,ਮੁਹਾਵਰਿਆਂ,ਅਖਾਣਾਂ,ਬੁਝਾਰਤਾਂ ਆਦਿ ਤੇ ਵਿਸ਼ਾਲ ਖੇਤਰ ਰਾਹੀਂ ਮਿਥਿਹਾਸ,ਇਤਿਹਾਸ ਅਤੇ ਸੱਭਿਆਚਾਰਕ ਪੱਖਾਂ ਨੂੰ ਸਹਿਜ ਤੇ ਕਲਾਤਮਿਕ ਰੂਪ ਵਿੱਚ ਪ੍ਰਗਟਾਇਆ ਗਿਆ ਹੁੰਦਾ ਹੈ। ਲੋਕਧਾਰਾ ਲੋਕ-ਵਿਹਾਰ ਦੀ ਲੰਮੀ ਪ੍ਰਕਿਰਿਆ ਵਿੱਚੋਂ ਲੰਘ ਕੇ ਅਜਿਹਾ ਰੂਪ ਧਾਰਨ ਕਰ ਲੈਂਦੀ ਹੈ ਜਿਹੜੀ ਆਧੁਨਿਕ ਯੁੱਗ ਦੀ ਇਤਿਹਾਸਿਕ ਚੇਤਨਾ ਤੇ ਵਿਕਸਤ ਪੜਾਅ ਉੱਪਰ ਪਹੁੰਚ ਜਾਣ ਤੇ ਵੀ ਲੋਕ ਮਨਾਂ ਨੂੰ ਟੁੰਬਦੀ ਰਹਿੰਦੀ ਹੈ।

         ਲੋਕਧਾਰਾ ਵਿੱਚ ਮਿੱਥ ਅਤੇ ਇਤਿਹਾਸ ਦਾ ਸੁਮੇਲ ਹੋਣ ਕਾਰਨ ਹੀ ਇਸ ਦਾ ਲੋਕ-ਬਿਰਤਾਂਤਕ ਰੂਪਾਂ ਨਾਲ ਅਤਿ ਗਹਿਰਾ ਸੰਬੰਧ ਹੈ। ਬਿਰਤਾਂਤ ਦੀ ਹਰ ਸਮਾਜ ਅਤੇ ਸੱਭਿਆਚਾਰ ਵਿੱਚ ਵਿਸ਼ੇਸ਼ ਭੂਮਿਕਾ ਰਹੀ ਹੈ।ਬਿਰਤਾਂਤ ਹਰ ਸਮਾਜ ਵਿੱਚ ਹਰ ਸਮੇਂ ਅਤੇ  ਹਰ ਸਥਾਨ ਉੱਪਰ ਹਾਜਰ ਰਿਹਾ ਹੈ। ਇਹ ਮਨੁੱਖੀ ਇਤਿਹਾਸ ਦੇ ਨਾਲ ਹੀ ਸੁਰੂ ਹੁੰਦਾ ਹੈ। ਕਿਸੇ ਵੀ ਸੱਭਿਆਚਾਰ ਪੜਾਅ ਉੱਤੇ ਮਨੁੱਖ ਬਿਰਤਾਂਤ ਤੋਂ ਬਿਨਾਂ ਨਹੀ ਰਿਹਾ। ਅਸਲ ਵਿੱਚ ਬਿਰਤਾਂਤ ਆਪਣੇ ਆਪ ਵਿੱਚ ਨਾ ਕੋਈ ਸਾਹਿਤਕ ਰੂਪ ਹੈ ਅਤੇ ਅਤੇ ਨਾ ਹੀ ਕੋਈ ਸਾਹਿਤਕ ਵਿਧਾ। ਬਿਰਤਾਂਤ ਤਾਂ ਮਨੁੱਖ ਦੁਆਰਾ ਸਿਰਜੀ ਇੱਕ ਅਜਿਹੀ ਪ੍ਰਗਟਾਅ ਵਿਧੀ ਹੈ, ਜਿਹੜੀ ਸਮਾਜ ਅਤੇ ਸੱਭਿਆਚਾਰ ਦੇ ਪ੍ਰਾਚੀਨਤਮ ਦੌਰ ਤੋਂ ਲੈ ਕੇ ਹੁਣ ਤੱਕ ਕੇਂਦਰੀ ਅਤੇ ਮੂਲ ਵਰਤਾਰਾ ਰਹੀ ਹੈ। ਲੋਕ ਬਿਰਤਾਂਤ ਪਰੰਪਰਾਗਤ ਤੱਤਾਂ ਨਾਲ ਭਰਪੂਰ ਅਜਿਹਾ  ਸਿਧਾਂਤਕ ਬਿਰਤਾਂਤ ਹੈ ਜੋ ਲੋਕ ਸਮੂਹ ਦੀ ਪ੍ਰਵਾਨਗੀ ਤੋਂ ਲੈ ਕੇ ਪੀੜ੍ਹੀ-ਦਰ-ਪੀੜ੍ਹੀ ਚਲਦਾ ਹੈ। ਇਸ ਵਿਚਲੀਆ ਘਟਨਾਵਾਂ ਕਿਸੇ ਵੀ ਥਾਂ ਤੇ ਵਾਪਰ ਸਕਦੀਆ ਹਨ। ਲੋਕ ਬਿਰਤਾਂਤਕ ਰੂਪਾਂ ਦੀ ਖੂਬਸੂਰਤੀ ਹੈ ਕਿ ਲੋਕ ਇੱਛਾਂ ਅਨੁਸਾਰ ਇੰਨ੍ਹਾਂ ਵਿੱਚ ਪੁਨਰ ਸਿਰਜਨਾ ਹੁੰਦੀ ਰਹਿੰਦੀ ਹੈ। ਅਸਲ ਵਿੱਚ ਲੋਕ ਬਿਰਤਾਂਤ ਇੱਕ ਸਿਧਾਂਤਕ ਸੰਰਚਨਾ ਹੈ ਅਤੇ ਕੋਈ ਵੀ ਸੰਰਚਨਾ ਆਪਣੇ ਆਂਤਰਿਕ ਤੱਤਾਂ ਦੇ ਮੇਲ ਤੋਂ ਬਣਦੀ ਹੈ। ਲੋਕ ਬਿਰਤਾਂਤ ਦੀ ਸੰਰਚਨਾ ਵਿੱਚ ਕਥਾਨਕ, ਪਾਤਰ,ਉਦੇਸ਼, ਪਰੰਪਰਾ, ਰੂੜੀ  , ਲੋਕ ਸਮੂਹ ਦੀ ਪ੍ਰਵਾਨਗੀ ਆਦਿ ਤੱਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

                           ਲੋਕਧਾਰਾ ਦਾ ਇਤਿਹਾਸ ਅਤੇ ਮਿਥਿਹਾਸ ਦਾ ਸੁਮੇਲ ਹੋਣਾ ਇਸ ਦਾ ਮਹੱਤਵਪੂਰਨ ਪ੍ਰਕਾਰਜ ਹੈ ਕਿਉਂਕਿ ਲੋਕਧਾਰਾ ਜਿੱਥੇ ਲੋਕਾਂ ਨੂੰ ਉਨਾਂ ਦੇ ਇਤਿਹਾਸ ਅਤੇ ਮਿਥਿਹਾਸ ਬਾਰੇ ਜਾਣਕਾਰੀ ਦਿੰਦੀ ਹੈ,ਉਸਦੇ ਨਾਲ ਹੀ ਵਿਸ਼ੇਸ਼ ਗਿਆਨ ਦਾ ਸੋਮਾ ਦਾ ਸੋਮਾ ਵੀ ਹੈ। ਜਦੋਂ ਵਿੱਦਿਅਕ ਪ੍ਰਬੰਧ ਹੋਂਦ ਵਿੱਚ ਨਹੀਂ ਸਨ ਆਏ ਉਦੋਂ ਲੋਕਧਾਰਾ ਹੀ ਗਿਆਨ ਦਾ ਪ੍ਰਮੁੱਖ ਸਾਧਨ ਸੀ। ਨੀਤੀ ਕਥਾਵਾਂ ਇਸਦੀ ਸਭ ਤੋਂ ਵੱਡੀ ਉਦਾਹਰਨ ਹਨ ਜਿੰਨ੍ਹਾਂ ਵਿੱਚ ਮਾਨਵੀ ਜੀਵਨ ਦੇ ਵਿਵਹਾਰ ਦੀਆਂ ਜੁਗਤਾਂ ਜਾ ਨੈਤਿਕ ਸਿੱਖਿਆ ਨੂੰ ਬਿਰਤਾਂਤ ਰੂਪ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਜੋ ਮਨੁੱਖ ਨੂੰ ਕਿਸੇ ਵਿਵਹਾਰਕ ਸਮੱਸਿਆਂ ਜਾਂ ਸੰਕਟ ਸਥਿਤੀ ਵਿੱਚੋਂ ਨਿੱਕਲਣ ਦਾ ਗਿਆਨ ਦਿੰਦੀਆਂ ਹਨ। ਇਸ ਤੋਂ ਇਲਾਵਾ ਬੁਝਾਰਤਾਂ ਅਤੇ ਅਖਾਣ ਵੀ ਲੋਕਧਾਰਾ ਦੇ ਅਜਿਹੇ ਰੂਪ ਹਨ ਜੋ ਭਿੰਨ-ਭਿੰਨ ਢੰਗਾਂ ਨਾਲ ਲੋਕਾਂ ਨੂੰ ਸਿੱਖਿਅਤ ਕਰਦੇ ਹਨ। ਬੁਝਾਰਤਾਂ ਅਤੇ ਅਖਾਣ ਕੇਵਲ ਲੋਕਾਂ ਦਾ ਮਨੋਰੰਜਨ ਹੀ ਨਹੀਂ ਕਰਦੇ ਸਗੋਂ ਬੁਝਾਰਤਾਂ ਸੋਚਣ ਅਤੇ ਖੋਜਣ ਦੀ ਰੁਚੀ ਨੂੰ ਵਿਕਸਿਤ ਕਰਦੀਆਂ ਹਨ ਅਤੇ ਅਖਾਣਾਂ ਅੰਦਰ ਲੋਕ-ਜੀਵਨ ਦੇ ਕਠੋਰ ਸੱਚ ਸਮਾਏ ਹੁੰਦੇ ਹਨ।

      ਇਸਤੋਂ ਇਲਾਵਾ ਲੋਕਧਾਰਾ ਵਿੱਚ ਅਜਿਹੀਆਂ ਚੀਜਾ ਤੇ ਗੱਲਾਂ ਵੀ ਨਜ਼ਰੀ ਪੈਂਦੀਆਂ ਹਨ ਜਿੰਨ੍ਹਾਂ ਦੀ ਸਾਡੇ ਸੱਭਿਆਚਾਰ ਵਿੱਚ ਮਨਾਹੀ ਹੁੰਦੀ ਹੈ। ਇਸਦਾ ਵੱਡਾ ਕਾਰਨ ਇਹ ਹੈ ਕਿ ਸਮਾਜ ਤੋਂ ਡਰਦਿਆਂ ਮਨੁੱਖ ਅਜਿਹੀਆ ਗੱਲਾਂ ਨਹੀ ਕਰ ਸਕਦਾ ਜੋ ਲੋਕ ਮਨ ਵਿੱਚ ਜਰੂਰ ਹੁੰਦੀਆਂ ਹਨ ਅਤੇ ਲੋਕ ਮਨ ਉਨ੍ਹਾਂ ਦਾ ਪ੍ਰਗਟਾਵਾ  ਲੋਕਧਾਰਾ ਦੁਆਰਾ ਕਰਦਾ ਹੈ।

ਮਿਸਾਲ ਵਜੋਂ

ਉਹਦੇ ਘਰ ਕੀ ਵਸਣਾ ਜਿਹਨੇ ਮਿਡਲ ਪਾਸ ਨੀ ਕੀਤੀ।

(ਲੋਕ ਗੀਤ)

ਉਪਰੋਕਤ ਗੀਤ ਵਿੱਚ ਦੱਬੀ-ਘੁੱਟੀ ਪੰਜਾਬਣ ਇੱਕ ਪੜ੍ਹੇ ਲਿਖੇ ਵਰ ਦੀ ਚਾਹਵਾਨ ਹੈ। ਉਸਦੇ ਵਲਵਲੇ ਲੋਕ ਗੀਤ ਵਿੱਚ ਸਮੋਏ ਹਨ ਪਰ ਸਮਾਜ ਦੇ ਬਣਾਏ ਨਿਯਮਾਂ ਅਨੁਸਾਰ ਉਸਨੂੰ ਆਪਣੀ ਪਸੰਦ ਸਧਾਰਨ ਤਰੀਕੇ ਨਾਲ ਬਿਆਨ ਕਰਨ ਦੀ ਮਨਾਹੀ ਹੁੰਦੀ ਹੈ। ਇਵੇਂ ਹੀ 'ਸਿੱਠਣੀ' ਕਾਵਿ ਰੂਪ ਹੈ ਜੋ ਕਿ ਗਾਲੀ-ਗਲੋਚ ਤੇ ਦੂਜੀ ਧਿਰ ਨੂੰ ਠਿੱਠ ਕਰਨ ਨਾਲ ਸੰਬੰਧਿਤ ਹੈ। ਇਸ ਵਿੱਚ ਵੀ ਸਾਨੂੰ ਕਈ ਤਰ੍ਹਾਂ ਦੇ ਨੰਗੇ ਸ਼ਬਦ ਅਤੇ ਗਾਲ੍ਹਾਂ ਦੀ ਵਰਤੋਂ ਕੀਤੀ ਮਿਲਦੀ ਹੈ। ਜਿਵੇ:

ਲਾੜਿਆ ਪੱਗ ਟੇਢੀ ਨਾ ਬੰਨ ਵੇ, ਸਾਨੂੰ ਹੀਣਤਾ ਆਵੇ

ਤੇਰੀ ਬੇਬੇ ਵੇ ਉਧਲੀ, ਸਾਡੇ ਮਹਿਲਾਂ ਨੂੰ ਆਵੇ।

(ਸਿੱਠਣੀ)

ਇਸ ਤਰ੍ਹਾਂ ਅਸੀ ਦੇਖਦੇ ਹਾਂ ਕਿ ਲੋਕਧਾਰਾ ਰਾਹੀਂ ਅਜਿਹੀਆਂ ਕਈ ਗੱਲਾਂ ਦੀ ਅਭਿਵਿਅਕਤੀ ਕੀਤੀ ਜਾ ਸਕਦੀ ਹੈ ਜਿੰਨ੍ਹਾਂ ਨੂੰ ਸਮਾਜਕ ਤੌਰ ਤੇ ਕਰਨ ਤੇ ਬੋਲਣ ਦੀ ਮਨਾਹੀ ਹੁੰਦੀ ਹੈ।

ਪਹਿਲਾਂ ਪਹਿਲ ਕਿਸਾਨ ਖੇਤਾਂ ਦੀ ਬਿਜਾਈ ਕਰਨ ਸਮੇਂ ਕੰਮਾਂ ਨੂੰ ਮਨੋਰੰਜਨ ਭਰਪੂਰ ਬਣਾਉਣ ਲਈ ਕਈ ਤਰ੍ਹਾਂ ਦੇ ਟੱਪਿਆਂ ਤੇ ਕਲੀ ਬੋਲੀਆਂ ਦਾ ਗਾਇਨ ਕਰਦੇ ਸਨ।

ਮਿਸਾਲ ਵਜੋਂ:

- ਐਮੇਂ ਦੋ ਕਲਬੂਤ ਬਣਾਏ,

ਤੇਰੀ ਮੇਰੀ ਇੱਕ ਜਿੰਦੜੀ।  (ਟੱਪਾ)

-ਜੱਟੀ ਪੰਦਰਾਂ ਮੁਰੱਬਿਆ ਵਾਲੀ,

ਭੱਤਾ ਲੈ ਕੇ ਖੇਤ ਚੱਲੀ।

     ਅਸਲ ਵਿੱਚ ਲੋਕਧਾਰਾ ਦਾ ਪ੍ਰਕਾਰਜ ਪ੍ਰਮੁੱਖ ਰੂਪ ਵਿੱਚ ਲੋਕਾਂ ਨੂੰ ਸੰਗਠਿਤ ਹੋਣ ਦੀ ਭਾਵਨਾ ਪੈਦਾ ਕਰਨ ਦੇ ਨਾਲ-2 ਸਮਾਜ ਅਤੇ ਸੱਭਿਆਚਾਰ ਵਿੱਚ ਅਹਿਮ ਭੂਮਿਕਾ ਨਿਭਾਉਣਾ ਹੈ ।ਲੋਕਧਾਰਾ ਅੱਜ ਵੀ ਪਰੰਪਰਾ ਅਤੇ ਪ੍ਰਕਿਰਤੀ ਨਾਲ ਮਨੁੱਖ ਦਾ ਰਿਸ਼ਤਾ ਬਣਾਈ ਰੱਖਣ ਵਿੱਚ ਅਹਿਮ ਰੋਲ ਅਦਾ ਕਰਦੀ ਹੈ ਅਤੇ ਲੋਕ ਰੂੜੀਆਂ ਸਿਰਜਨ ਤੇ ਸੰਚਾਰਨ ਵਿੱਚ ਵੀ ਲੋਕਧਾਰਾ ਦਾ ਪ੍ਰਕਾਰਜ ਸਾਰਥਕ ਹੈ।

ਲੋਕਧਾਰਾ ਅਤੇ ਤਕਨੀਕ

ਲੋਕਧਾਰਾ ਸਿਰਫ਼ ਇਕ ਸ਼ਬਦ ਜਾਂ ਸੰਕਲਪ ਤੱਕ ਸੀਮਤ ਨਾ ਰਹਿ ਕੇ ਇਕ ਅਜਿਹਾ ਵਰਤਾਰਾ ਬਣ ਚੁੱਕਾ ਹੈ, ਜੋ ਨਿਰੰਤਰ ਸਮੇਂ ਦੇ ਵਹਿਣ ਵਿਚ ਵਹਿੰਦਾ ਚਲਿਆ ਜਾ ਰਿਹਾ ਹੈ ਅਤੇ ਪੀੜ੍ਹੀ-ਦਰ-ਪੀੜ੍ਹੀ ਆਪਣੀ ਹੋਂਦ ਦਾ ਪ੍ਰਮਾਣ ਦਿੰਦਾ ਹੈ। ਲੋਕਧਾਰਾ ਦੇ ਅਧਿਐਨ ਦਾ ਆਰੰਭ ਪੱਛਮੀ ਵਿਦਵਾਨਾਂ ਦੁਆਰਾ ਕੀਤਾ ਗਿਆ। ਉਹਨਾਂ ਨੇ ਆਪਣੇ ਬਸਤੀਵਾਦੀ ਮਕਸਦ (ਉਦੇਸ਼ਾਂ) ਦੀ ਪੂਰਤੀ ਹਿੱਤ ਇਥੋਂ ਦੇ ਲੋਕਾਂ ਦੀ ਜੀਵਨ-ਜਾਚ ਨੂੰ ਸਮਝਣ ਲਈ, ਲੋਕਧਾਰਾ ਦਾ ਅਧਿਐਨ ਕੀਤਾ। ਪੱਛਮੀ ਵਿਦਵਾਨਾਂ ਦੁਆਰਾ ਇਸ ਆਰੰਭੇ ਗਏ ਕਾਰਜ ਨੂੰ ਦੇਸੀ ਵਿਦਵਾਨਾਂ ਨੇ ਅੱਗੇ ਤੋਰਿਆ ਅਤੇ ਲੋਕਧਾਰਾ ਦੇ ਖੇਤਰ ਵਿਚ ਕਈ ਅਧਿਐਨ ਸਾਹਮਣੇ ਆਏ। ਪਰੰਤੂ ਆਰੰਭਲੇ ਦੌਰ ਵਿਚ ਜੋ ਲੋਕਧਾਰਾਈ ਅਧਿਐਨ ਕੀਤੇ ਗਏ ਉਹ ਜ਼ਿਆਦਾਤਰ ਸਮੱਗਰੀ ਇਕੱਤਰੀਕਰਨ ਤੱਕ ਸੀਮਿਤ ਸਨ। ਇਸ ਸਮੇਂ ਅਖਾਣ, ਮੁਹਾਵਰੇ, ਲੋਕ ਕਹਾਣੀਆਂ, ਲੋਕ ਕਾਵਿ ਆਦਿ ਦੇ ਇਕੱਤਰੀਕਰਨ ਉੱਪਰ ਵਧੇਰੇ ਜ਼ੋਰ ਦਿੱਤਾ ਗਿਆ। ਇਕੱਤਰੀਕਰਨ ਨਾਲ ਸੰਬੰਧਿਤ ਖੋਜ ਕਾਰਜ ਕਰਨ ਲਈ ਵੀ ਇਕ ਖੋਜ ਕਾਰਜ ਕੀਤਾ ਜਾਂਦਾ ਸੀ ਪਰੰਤੂ ਸਾਧਨਾਂ ਦੀ ਘਾਟ ਹੋਣ ਕਰਕੇ ਅਤੇ ਤਕਨੀਕੀ ਸੰਦਾਂ ਤੋਂ ਘੱਟ ਜਾਣੂ ਹੋਣ ਕਰਕੇ ਖੋਜ ਕਰਤਾ ਦੇ ਸਾਹਮਣੇ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਆਉਂਦੀਆਂ ਸਨ। ਖੇਤਰੀ ਖੋਜ ਕਾਰਜ ਦੌਰਾਨ ਸੰਬੰਧਿਤ ਖਿੱਤੇ ਵਿਚ ਜਾ ਕੇ ਖੋਜ ਸਮੱਗਰੀ ਦਾ ਇਕੱਤਰੀਕਰਨ ਕੀਤਾ ਜਾਂਦਾ ਹੈ। ਖੋਜ ਕਰਤਾ ਅਜਿਹੇ ਨਿਰੀਖਣ ਸਮੇਂ, ਸੰਬੰਧਿਤ ਸਮੱਗਰੀ ਨੂੰ ਲਿਖਤੀ ਤੌਰ 'ਤੇ ਇਕੱਠਾ ਕਰਦਾ ਸੀ। ਕਈ ਵਾਰ ਕਿਸੇ ਵਸਤੂ ਨੂੰ ਵੇਖਣ ਉਪਰੰਤ ਉਸੇ ਸਮੇਂ ਜੋ ਦਿਮਾਗ਼ ਵਿਚ ਆਉਂਦਾ ਸੀ ਖੋਜ ਕਰਤਾ ਉਸਨੂੰ ਕਲਮਬੱਧ ਕਰ ਲੈਂਦਾ ਸੀ। ਜਿਸ ਕਰਕੇ ਕਈ ਵਾਰ ਅਜਿਹੇ ਬਹੁਤ ਸਾਰੇ ਸੂਖ਼ਮ ਪਹਿਲੂ ਮਨੁੱਖ ਦੀ ਵਿਅਕਤੀਗਤ ਦ੍ਰਿਸ਼ਟੀ ਤੋਂ ਓਝਲ ਰਹਿ ਜਾਂਦੇ ਸੀ ਜੋ ਦੀਰਘ ਦ੍ਰਿਸ਼ਟੀ ਦੀ ਮੰਗ ਕਰਦੇ ਹਨ। ਇਸ ਤੋਂ ਇਲਾਵਾ ਆਪਣੀ ਖੋਜ ਦੀ ਪ੍ਰਮਾਣਿਕਤਾ ਸਿੱਧ ਕਰਨਾ ਵੀ ਖੋਜ ਕਰਤਾ ਲਈ ਇਕ ਚੁਣੌਤੀ ਬਣ ਜਾਂਦਾ ਸੀ। ਆਧੁਨਿਕ ਸਮੇਂ ਵਿਚ ਲੋਕਧਾਰਾ ਨਾਲ ਸੰਬੰਧਿਤ ਖੋਜ ਕਾਰਜ ਕੇਵਲ ਸਮੱਗਰੀ ਇਕੱਤਰੀਕਰਨ ਤੱਕ ਹੀ ਸੀਮਿਤ ਨਹੀਂ ਰਹਿ ਗਏ ਸਗੋਂ ਇਹਨਾਂ ਦਾ ਸੂਖ਼ਮ ਪੱਧਰ ਉੱਪਰ ਅਧਿਐਨ ਵਿਸ਼ਲੇਸ਼ਣ ਅਤੇ ਮੁਲਾਂਕਣ ਵੀ ਕੀਤਾ ਜਾ ਰਿਹਾ ਹੈ। ਲੋਕਧਾਰਾਈ ਅਧਿਐਨ ਦੇ ਆਰੰਭਲੇ ਦੌਰ ਵਿਚ ਇਹ ਮੈਕਰੋ (Micro) ਪੱਧਰ ਉੱਪਰ ਕੀਤੇ ਗਏ . ਪਰੰਤੂ ਵਰਤਮਾਨ ਸਮੇਂ ਵਿਚ ਮਾਈਕੋ (Micro) ਅਧਿਐਨਾਂ ਉੱਪਰ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਮਾਨਵੀ ਜੀਵਨ ਵਿਹਾਰ ਨਾਲ ਸੰਬੰਧਿਤ ਛੋਟੀ ਤੋਂ ਛੋਟੀ ਵਸਤੂ ਦਾ ਸੂਖਮ ਪੱਧਰ ਉੱਪਰ ਅਧਿਐਨ ਕੀਤਾ ਜਾ ਰਿਹਾ ਹੈ। ਚੂੜੀਆਂ, ਚਰਖਾ, ਪੱਖੀ, ਤਲਵਾਰ, ਸੰਦੂਕ ਆਦਿ ਖੋਜ ਕਾਰਜਾਂ ਨੂੰ ਮਾਈਕ੍ਰੋ ਅਧਿਐਨਾਂ ਦੇ ਉਦਾਹਰਨ ਵਜੋਂ ਦੇਖਿਆ ਜਾ ਸਕਦਾ ਹੈ। ਹਥਲੇ ਅਧਿਆਇ ਵਿਚ ਵਰਤਮਾਨ ਸਮੇਂ ਵਿਚ ਲੋਕਧਾਰਾਈ ਅਧਿਐਨ ਵਿਚ ਨਵੀਆਂ ਤਕਨੀਕਾਂ ਅਤੇ ਸੰਦਾਂ ਦੀ ਭੂਮਿਕਾ ਨੂੰ ਦ੍ਰਿਸ਼ਟੀਗੋਚਰ ਕੀਤਾ ਗਿਆ ਹੈ। ਵਰਤਮਾਨ ਸਮੇਂ ਵਿਚ ਜੋ ਖੋਜ ਕਾਰਜ ਕੀਤੇ ਜਾ ਰਹੇ ਹਨ, ਉਹਨਾਂ ਨੂੰ ਵਿਧੀਵਤ ਦੰਗ ਨਾਲ ਕਰਨ ਲਈ ਖੋਜ ਯੋਜਨਾ ਅਤੇ ਵਿਭਿੰਨ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਲੋਕਧਾਰਾਈ ਖੋਜ ਕਾਰਜ ਕਰਨ ਸਮੇਂ ਖੋਜ ਕਰਤਾ ਸਿਰਫ ਲਿਖਤੀ ਸਾਧਨਾਂ ਦਾ ਮੁਥਾਜ ਨਹੀਂ ਹੁੰਦਾ। ਵਰਤਮਾਨ ਸਮੇਂ ਵਿਚ ਖੋਜ ਕਾਰਜਾਂ ਲਈ ਕਈ ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਲਈ ਕਈ ਤਕਨੀਕੀ ਸੰਦਾਂ ਨੂੰ ਵੀ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਇਹਨਾਂ ਵਿਭਿੰਨ ਤਰ੍ਹਾਂ ਦੇ ਸੰਦਾਂ ਨੂੰ ਹੇਠ ਲਿਖ ਅਨੁਸਾਰ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ ਜਿਵੇਂ : 1. ਡਾਟਾ ਇਕੱਤਰ ਕਰਨ ਲਈ ਵਰਤੇ ਜਾਂਦੇ ਸੰਦ : ਰਿਕਾਰਡਰ, ਕੈਮਰਾ, ਮੋਬਾਇਲ 2. ਡਾਟਾ ਸੰਭਾਲਣ ਲਈ ਵਰਤੇ ਜਾਂਦੇ ਸੰਦ : ਪੈਨ ਡਰਾਈਵ, ਫੈਕਸ, ਈ ਮੇਲ, ਹਾਰਡ ਡਿਸਕ, ਮੈਮਰੀ ਕਾਰਡ, ਸੀਡੀ, ਡੀਵੀਡੀ 3. ਡਾਟਾ ਟਰਾਂਸਫ਼ਰ ਕਰਨ ਲਈ ਵਰਤੇ ਜਾਂਦੇ ਸੰਦ : ਕਾਰਡ ਰੀਡਰ, ਡਾਟਾ ਕੇਬਲ, ਆਦਿ। 4. ਡਾਟਾ ਦਿਖਾਉਣ ਜਾਂ ਡਾਟੇ ਦੀ ਪੇਸ਼ਕਾਰੀ ਲਈ ਵਰਤੇ ਜਾਂਦੇ ਸੰਦ : ਕੰਪਿਊਟਰ, ਲੈਪਟਾਪ, ਪ੍ਰੋਜੈਕਟਰ, ਐਲ.ਸੀ.ਡੀ. ਆਦਿ। ਡਾਟਾ ਇਕੱਤਰ ਕਰਨ ਲਈ ਵਰਤੇ ਜਾਂਦੇ ਸੰਦ ਰਿਕਾਰਡਰ : ਰਿਕਾਰਡਰ ਇਕ ਅਜਿਹਾ ਸੰਦ ਹੈ ਜਿਸਨੂੰ ਆਵਾਜ਼ ਰਿਕਾਰਡ ਕਰਨ ਲਈ ਵਰਤਿਆ ਜਾਂਦਾ ਹੈ। ਕਿਸੇ ਲੋਕ ਸਮੂਹ ਨਾਲ ਸੰਬੰਧਿਤ ਲੋਕਧਾਰਾਈ ਸਮੱਗਰੀ ਜਿਵੇਂ ਸੁਹਾਗ, ਘੋੜੀਆਂ, ਲੋਕ ਗੀਤ, ਲੋਕ ਬੋਲੀਆਂ, ਸਿੱਠਣੀਆਂ, ਲੋਕ ਕਹਾਣੀਆਂ, ਬੁਝਾਰਤਾਂ, ਅਖਾਣ, ਮੁਹਾਵਰੇ, ਭਾਸ਼ਾ ਆਦਿ ਦੇ ਇਕੱਤਰੀਕਰਨ ਲਈ ਰਿਕਾਰਡਰ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਮੁਹਾਵਰੇ, ਅਖਾਣ, ਬੁਝਾਰਤਾਂ, ਲੋਕ ਕਹਾਣੀਆਂ ਆਦਿ ਨੂੰ ਲਿਖਤੀ ਤੌਰ 'ਤੇ ਇਕੱਤਰ ਕਰਕੇ ਵੀ ਸਮਝਿਆ ਜਾ ਸਕਦਾ ਹੈ ਪਰੰਤੂ ਜੇਕਰ ਲੋਕ ਕਾਵਿ ਦੇ ਵਿਹਾਰਕ ਰੂਪ ਨੂੰ ਸਮਝਣਾ ਹੋਵੇ ਤਾਂ ਉਹ ਰਿਕਾਰਡਰ ਤੋਂ ਬਿਨਾਂ ਸਮਝਣਾ ਅਸੰਭਵ ਹੈ। ਲੋਕਧਾਰਾ ਵਿਚ ਲੋਕ ਕਾਵਿ ਨਾਲ ਸੰਬੰਧਿਤ ਹੋਏ ਖੋਜ ਕਾਰਜਾਂ ਵਿਚ ਉਹਨਾਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਲਿਖਤੀ ਭਰ ਤੋਂ ਭਾਵੇਂ ਸਾਂਭਿਆ ਗਿਆ ਹੈ ਪਰੰਤੂ ਇਸ ਲੋਕ ਕਾਵਿ ਵਿਚ ਇਹਨਾਂ ਨਾਲ ਸੰਬੰਧਿਤ ਸੁਰ, ਲੋਅ, ਹੇਕ ਆਦਿ ਨਹੀਂ ਮਿਲਦੀ ਜਿਸ ਕਾਰਨ ਇਹ ਲੋਕ ਕਾਵਿ ਆਪਣੇ ਅਰਥਾਂ ਤੋਂ ਵਿਹੂਣਾ ਜਾਪਦਾ ਹੈ। ਰਿਕਾਰਡਰ ਅਜਿਹਾ ਸੰਦ ਹੈ ਜਿਸ ਦੀ ਸਹਾਇਤਾ ਨਾਲ ਕਿਸੇ ਖਿੱਤੇ ਵਿਸ਼ੇਸ ਦੀ ਲੋਕਧਾਰਾਈ ਸਮੱਗਰੀ ਨੂੰ ਮੌਲਿਕ ਰੂਪ ਵਿਚ ਪ੍ਰਾਪਤ ਕੀਤਾ ਜਾ ਸਕਦਾ ਹੈ। ਸੂਚਕਾਂ ਕੋਲ ਜਾ ਕੇ ਸੁਚੇਤ ਪੱਧਰ ਤੇ ਰਿਕਾਰਡਿੰਗ ਕਰਨ ਨਾਲੋਂ ਜੇਕਰ ਗੀਤ ਗਾ ਰਹੀਆਂ ਔਰਤਾਂ ਦੇ ਸਮੂਹ ਵਿਚ ਜਾ ਕੇ ਉਹਨਾਂ ਦੀ ਜਾਣਕਾਰੀ ਤੋਂ ਬਿਨਾਂ ਉਹਨਾਂ ਦੀ ਆਵਾਜ਼ ਰਿਕਾਰਡ ਕੀਤੀ ਜਾਵੇ ਤਾਂ ਅਜਿਹੀ ਸਮੱਗਰੀ ਵਧੇਰੇ ਮੌਲਿਕ ਹੋਵੇਗੀ ਅਤੇ ਸੁਆਣੀਆਂ ਗੀਤ ਗਾਉਣ ਸਮੇਂ ਝਿਜਕ ਵੀ ਮਹਿਸੂਸ ਨਹੀਂ ਕਰਨਗੀਆਂ। ਰਿਕਾਰਡਰ ਵੱਡੇ ਛੋਟੇ ਆਕਾਰ ਦੇ ਵੀ ਮਿਲ ਜਾਂਦੇ ਹਨ ਛੋਟੇ ਆਕਾਰ ਦੇ ਰਿਕਾਰਡਰ ਨੂੰ ਵੈਣ ਪਾਉਣ ਜਾਂ ਸਵਾਂਗ ਰਚਾਉਣ ਸਮੇਂ ਸੋਗਮਈ ਸਥਿਤੀਆਂ ਵਿਚ ਵੀ ਵਰਤਿਆ ਜਾ ਸਕਦਾ ਹੈ। ਕਈ ਵਾਰ ਜਦੋਂ ਗੀਤ ਗਾਏ ਜਾ ਰਹੇ ਹੁੰਦੇ ਹਨ ਤਾਂ ਉਸਨੂੰ ਉਸੇ ਗਤੀ ਵਿਚ ਲਿਖਣਾ ਔਖਾ ਹੋ ਜਾਂਦਾ ਹੈ, ਜਿਸ ਕਾਰਨ ਕਈ ਸ਼ਬਦ ਛੱਡੇ ਜਾਂਦੇ ਹਨ ਜਾਂ ਜਲਦੀ-ਜਲਦੀ ਵਿਚ ਗ਼ਲਤ ਲਿਖੇ ਜਾਂਦੇ ਹਨ, ਪਰ ਰਿਕਾਰਡਰ ਦੀ ਸਹਾਇਤਾ ਨਾਲ ਇਕ ਵਾਰ ਰਿਕਾਰਡ ਹੋਈ ਆਵਾਜ਼ ਨੂੰ ਪਿੱਛੇ ਕਰਕੇ ਬਾਰ-ਬਾਰ ਸੁਣਿਆ ਜਾ ਸਕਦਾ ਹੈ ਅਤੇ ਇਸਦੀ ਗਤੀ ਨੂੰ ਧੀਮਾ ਕਰਕੇ ਵੀ ਆਰਾਮ ਨਾਲ ਲਿਖਿਆ ਜਾ ਸਕਦਾ ਹੈ। ਕਿਸੇ ਭਾਸ਼ਾ ਨੂੰ ਸਹੀ ਰੂਪ ਵਿਚ ਸਮਝਣਾ ਹੋਵੇ ਤਾਂ ਇਸਦੀ ਵਰਤੋਂ ਬੜੀ ਸਾਰਥਕ ਸਿੱਧ ਹੁੰਦੀ ਹੈ। ਪਰੰਤੂ ਰਿਕਾਰਡਰ ਦੀਆਂ ਆਪਣੀਆਂ ਕੁਝ ਸੀਮਾਵਾਂ ਵੀ ਹਨ ਜਿਵੇਂ ਕਈ ਵਾਰ ਮੌਕੇ ਤੇ ਸੈੱਲ ਖ਼ਤਮ ਹੋ ਜਾਣਾ ਜਾਂ ਸੰਬੰਧਿਤ ਖੇਤਰ ਵਿਚ ਬਿਜਲੀ ਨਾ ਹੋਣ ਕਰਕੇ ਚਾਰਜ ਕਰਨ ਦੀ ਸਮੱਸਿਆ ਹੋਣਾ। ਇਸ ਸਮੱਸਿਆ ਦੇ ਹੱਲ ਲਈ ਖੋਜ ਕਰਤਾ ਨੂੰ ਚਾਹੀਦਾ ਹੈ ਕਿ ਉਹ ਵਧੇਰੇ ਸੈੱਲ ਲੈ ਕੇ ਜਾਵੇ। ਕਈ ਵਾਰ ਰਿਕਾਰਡਰ ਵਿਚ ਤਕਨੀਕੀ ਸਮੱਸਿਆ ਆ ਜਾਣ ਕਾਰਨ ਵੀ ਸੰਬੰਧਿਤ ਸਮੱਗਰੀ ਦੇ ਇਕੱਤਰੀਕਰਨ ਵਿਚ ਕੋਈ ਪ੍ਰੇਸ਼ਾਨੀ ਆ ਸਕਦੀ ਹੈ, ਪਰ ਸੂਝਵਾਨ ਖੋਜ ਕਰਤਾ ਹਰ ਸਮੱਸਿਆ ਤੋਂ ਆਗਾਮੀ ਸੁਚੇਤ ਹੁੰਦਾ ਹੈ, ਜਿਸ ਕਾਰਨ ਉਹ ਅਜਿਹੇ ਰਿਕਾਰਡਰ ਦੀ ਵਰਤੋਂ ਕਰਦਾ ਹੈ ਜੋ ਆਪਣੇ ਚਾਲੂ ਹੋਣ ਦੀ ਨਿਰੰਤਰਤਾ ਬਾਰੇ ਜਾਣਕਾਰੀ ਦਿੰਦਾ ਰਹੇ। ਉਦਾਹਰਨ ਵਜੋਂ ਜਿੰਨੀ ਦੇਰ ਰਿਕਾਰਡਿੰਗ ਚਲਦੀ ਹੈ ਉਸਦੀ ਲਾਈਟ ਚਲਦੀ ਰਹਿੰਦੀ ਹੈ। ਕੈਮਰਾ : ਕੈਮਰੇ ਦੀ ਵਰਤੋਂ ਵੀਡੀਓ ਬਣਾਉਣ ਲਈ ਵੀ ਕੀਤੀ ਜਾਂਦੀ ਹੈ ਅਤੇ ਫੋਟੋ ਖਿੱਚਣ ਲਈ ਵੀ ਇਸਨੂੰ ਵਰਤਿਆ ਜਾ ਸਕਦਾ ਹੈ। ਜੇਕਰ ਵੀਡੀਓ ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸਦੀ ਬੜੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਮਨੁੱਖੀ ਜੀਵਨ ਨਾਲ ਸੰਬੰਧਿਤ ਅਜਿਹੀਆਂ ਕਈ ਕਿਰਿਆਵਾਂ ਹਨ ਜਿਨ੍ਹਾਂ ਨੂੰ ਸਿਰਫ਼ ਲਿਖਤੀ ਤੌਰ 'ਤੇ ਬਿਆਨ ਕਰਨਾ ਅਸੰਭਵ ਹੈ। ਅਜਿਹੀਆਂ ਕਿਰਿਆਵਾਂ ਨੂੰ ਸਪੱਸ਼ਟ ਤੌਰ 'ਤੇ ਪ੍ਰਸਤੁਤ ਕਰਨ ਲਈ ਵੀਡੀਓ ਕੈਮਰੇ ਦੀ ਸਹਾਇਤਾ ਲਈ ਜਾਂਦੀ ਹੈ। ਕਲਾ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ : 1. ਸ਼ਾਬਦਿਕ ਕਲਾਵਾਂ 2, ਅਸ਼ਾਬਦਿਕ ਕਲਾਵਾਂ। ਅਸ਼ਾਬਦਿਕ ਕਲਾਵਾਂ ਪ੍ਰਦਰਸ਼ਨਕਾਰੀ ਨਾਲ ਸੰਬੰਧਿਤ ਹੁੰਦੀਆਂ ਹਨ। ਲੋ ਨਾਚ, ਰਾਮ ਲੀਲਾ, ਲੋਕ ਨਾਟ, ਅਜਿਹੀਆਂ ਕਲਾਵਾਂ ਹਨ ਜਿਨ੍ਹਾਂ ਨੂੰ ਸਪੱਸ਼ਟ ਰੂਪ ਵਿਚ ਸਮਝਣ ਲਈ ਇਹਨਾਂ ਨੂੰ ਦੇਖਣਾ ਜਰੂਰੀ ਬਣ ਜਾਂਦਾ ਹੈ ਜੋ ਸਿਰਟ ਆਡੀਓ ਨਾਲ ਸੰਭਵ ਨਹੀਂ ਹੈ। ਹਰੇਕ ਵਿਅਕਤੀ ਦੀ ਕਲਪਨਾ ਸ਼ਕਤੀ ਏਨੀ ਤੀਬਰ ਨਹੀਂ ਹੁੰਦੀ ਕਿ ਉਹ ਸਿਰਫ ਆਵਾਜ਼ ਸੁਣ ਕੇ ਇਹਨਾਂ ਕਲਾਵਾਂ ਨੂੰ ਕਲਪਿਤ ਕਰ ਸਕੇ। ਰਾਮ-ਲੀਲਾ, ਲੋਕ ਨਾਚ, ਲੋਕ ਨਾਟ ਵਿਚ ਅਜਿਹੀਆਂ ਬਹੁਤ ਸਾਰੀਆਂ ਮੁਦਰਾਵਾਂ ਕਿਰਿਆਵਾਂ ਹੁੰਦੀਆਂ ਹਨ ਜਿੰਨ੍ਹਾਂ ਦੀ ਗਤੀ, ਤੀਬਰਤਾ, ਹਾਵ-ਭਾਵ ਆਦਿ ਨੂੰ ਸਮਝਣ ਲਈ ਵੀਡੀਓ ਕੈਮਰੇ ਦੀ ਲੋੜ ਪੈਂਦੀ ਹੈ। ਇਸ ਤੋਂ ਇਲਾਵਾ ਫੋਟੋ ਕੈਮਰਾ ਵੀ ਵਰਤਿਆ ਜਾਂਦਾ ਹੈ। ਇਹ ਲੋਕਧਾਰਾਈ ਸਮੱਗਰੀ ਨੂੰ ਫੋਟੋਆਂ, ਤਸਵੀਰਾਂ ਦੇ ਰੂਪ ਵਿਚ ਪੇਸ਼ ਕਰਦਾ ਹੈ। ਕਿਸੇ ਖੇਤਰੀ ਖੋਜ ਕਾਰਜ ਦੀ ਪ੍ਰਮਾਣਿਕਤਾ ਅਤੇ ਮੌਲਿਕਤਾ ਨੂੰ ਸਿੱਧ ਕਰਨ ਲਈ ਸੰਬੰਧਿਤ ਤਸਵੀਰਾਂ ਨੂੰ ਸਬੂਤ ਵਜੋਂ ਵਰਤਿਆ ਜਾ ਸਕਦਾ ਹੈ। ਲੋਕ ਕਲਾ ਨਾਲ ਸੰਬੰਧਿਤ ਵਿਭਿੰਨ ਡਿਜ਼ਾਇਨਾਂ ਅਤੇ ਪੈਟਰਨਾਂ ਦੀ ਪੇਸ਼ਕਾਰੀ ਫੋਟੋਆਂ ਦੇ ਜ਼ਰੀਏ ਕੀਤੀ ਜਾ ਸਕਦੀ ਹੈ। ਕਿਸੇ ਵਿਸ਼ੇਸ਼ ਖਿੱਤੇ ਨਾਲ ਸੰਬੰਧਿਤ ਨਕਸ਼ੇ ਜਾਂ ਫਿਰ ਉਥੋਂ ਦੇ ਵਸਨੀਕਾਂ ਦੇ ਚਿਹਰਿਆਂ ਦੀ ਬਣਾਵਟ ਨੂੰ ਫੋਟੋਗ੍ਰਾਫ਼ੀ ਦੀ ਸਹਾਇਤਾ ਨਾਲ ਸਮਝਿਆ ਜਾ ਸਕਦਾ ਹੈ। ਇਸਤੋਂ ਇਲਾਵਾ ਇਮਾਰਤਸਾਜੀ, ਬੁੱਤ ਤਰਾਸ਼ੀ, ਕੰਧ ਚਿੱਤਰ, ਕਸੀਦਾਕਾਰੀ ਕਿਸੇ ਵਿਸ਼ੇਸ਼ ਖਿੱਤੇ ਦੇ ਲੋਕਾਂ ਦੇ ਪਹਿਰਾਵੇ, ਗਹਿਣੇ, ਆਦਿ ਨੂੰ ਸਪੱਸ਼ਟ ਰੂਪ ਵਿਚ ਦੇਖਣ ਸਮਝਣ ਲਈ ਕੈਮਰੇ ਦੁਆਰਾ ਕੀਤੀ ਫੋਟੋਗ੍ਰਾਫ਼ੀ ਅਹਿਮ ਭੂਮਿਕਾ ਨਿਭਾਉਂਦੀ ਹੈ। ‘ਖੇਤਰੀ ਕਾਰਜ ਕਰਦਿਆਂ ਜਦੋਂ ਅਸੀਂ ਕਿਸੇ ਵਰਤਾਰੇ ਦਾ ਨਿਰੀਖਣ ਕਰਦੇ ਹਾਂ ਤਾਂ ਅਸੀਂ ਇਕ ਨਿਸ਼ਚਿਤ ਦਿਸ਼ਾ ਤੋਂ ਹੀ ਵਸਤਾਂ/ਵਰਤਾਰਿਆਂ ਨੂੰ ਫੋਕਸ ਵਿਚ ਲਿਆਉਂਦੇ ਹਾਂ ਜਦਕਿ ਕੈਮਰੇ ਦੀ ਅੱਖ ਨਾਲ ਕੈਦ ਕੀਤਾ ਚਿੱਤਰ ਜਦੋਂ ਅਸੀਂ ਦੇਖਦੇ ਹਾਂ ਤਾਂ ਉਸ ਵਿੱਚੋਂ ਕਈ ਉਹ ਪਹਿਲੂ ਵੀ ਸਾਹਮਣੇ ਆਉਂਦੇ ਹਨ ਜਿਹੜੇ ਮਨੁੱਖੀ ਅੱਖ ਤੋਂ ਓਝਲ ਰਹਿ ਜਾਂਦੇ ਹਨ ਜਾਂ ਉਸ ਥੋੜ੍ਹੇ ਸਮੇਂ ਵਿਚ ਉਸਦੇ ਫੋਕਸ ਵਿਚ ਨਹੀਂ ਆਉਂਦੇ।”4 ਖੋਜ ਕਰਤਾ ਫੋਟੋਗ੍ਰਾਫ਼ੀ, ਵੀਡੀਓਗ੍ਰਾਫ਼ੀ ਆਦਿ ਦੇ ਜ਼ਰੀਏ ਇਕੱਤਰ ਕੀਤੀ ਗਈ ਸਮੱਗਰੀ ਦੀ ਪ੍ਰਮਾਣਿਕਤਾ ਲਈ ਇਸਨੂੰ ਸਬੂਤ ਵਜੋਂ ਵੀ ਵਰਤ ਸਕਦੇ ਹਨ। ਮੋਬਾਇਲ ਫੋਨ : ਮੋਬਾਇਲ ਫੋਨ ਅਜਿਹਾ ਸੰਦ ਹੈ ਜੋ ਇੱਕੋ ਸਮੇਂ ਬਹੁ-ਪੱਖੀ ਭੂਮਿਕਾ ਨਿਭਾਉਂਦਾ ਹੈ। ਮੋਬਾਇਲ ਫੋਨ ਨਾਲ ਜਿਥੇ ਵੀਡੀਓ ਰਿਕਾਰਡਿੰਗ ਅਤੇ ਫੋਟੋਗ੍ਰਾਫ਼ੀ ਕੀਤੀ ਜਾ ਸਕਦੀ ਹੈ। ਉਥੇ ਰਿਕਾਰਡਰ ਵਜੋਂ ਵੀ ਇਸਨੂੰ ਵਰਤਿਆ ਜਾ ਸਕਦਾ ਹੈ। ਇਸ ਦੀ ਖ਼ੂਬੀ ਇਹ ਹੈ ਕਿ ਇਹ ਆਮ ਵਰਤੋਂ ਵਿਚ ਆਉਣ ਵਾਲਾ ਅਜਿਹਾ ਸੰਦ ਹੈ ਜਿਸਨੂੰ ਵਧੇਰੇ ਸਮਾਂ ਵਿਅਕਤੀ ਆਪਣੇ ਕੋਲ ਹੀ ਰੱਖਦਾ ਹੈ। ਇਸ ਲਈ ਕਿਸੇ ਵੀ ਸਮੇਂ ਕਿਸੇ ਵੀ ਸਥਿਤੀ ਵਿਚ ਤੁਰੰਤ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ। ਫੋਟੋਗ੍ਰਾਫ਼ੀ, ਆਡੀਓ, ਵੀਡੀਓ ਤੋਂ ਇਲਾਵਾ ਇਕੱਤਰੀਕਰਨ ਨਾਲ ਸੰਬੰਧਿਤ ਲਿਖਤੀ ਸਮੱਗਰੀ ਵੀ ਬਹੁਤ ਆਸਾਨੀ ਨਾਲ ਇਸ ਦੀ ਸਹਾਇਤਾ ਲੈ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਉਦਾਹਰਨ ਵਜੋਂ ਜੇਕਰ ਨਾਰੀਵਾਦ ਨਾਲ ਸੰਬੰਧਿਤ SMS ਭੇਜਣ ਲਈ ਸਟੇਟਸ ਪਾਉ ਤਾਂ ਤੁਹਾਡੇ ਸੰਪਰਕ ਵਿਚ ਸ਼ਾਮਲ ਦੋਸਤ, ਮਿੱਤਰ ਜੋ ਸੈਂਕੜਿਆਂ ਦੀ ਗਿਣਤੀ ਵਿਚ ਹੋ ਸਕਦੇ ਹਨ, ਤੁਹਾਨੂੰ ਅਜਿਹੀ ਲਿਖਤੀ ਸਮੱਗਰੀ ਭੇਜਣਗੇ। ਇਹ ਸਮੱਗਰੀ ਵਿਭਿੰਨ ਖਿੱਤਿਆਂ, ਵਿਭਿੰਨ ਮਾਨਸਿਕਤਾ ਨਾਲ ਸੰਬੰਧਿਤ ਹੋ ਸਕਦੀ ਹੈ। ਕਿਉਂਕਿ ਇਹ ਅਜਿਹਾ ਸੰਦ ਹੈ ਜੋ ਆਮ ਵਰਤਿਆ ਜਾਂਦਾ ਹੈ ਅਤੇ ਜ਼ਿਆਦਾਤਰ ਵਿਅਕਤੀਆਂ ਦੇ ਹੱਥ ਵਿਚ ਰਹਿੰਦਾ ਹੈ, ਜਿਸ ਕਰਕੇ ਇਸਦੀ ਵਰਤੋਂ ਸੂਚਕਾਂ ਦੀ ਜਾਣਕਾਰੀ ਤੋਂ ਬਿਨਾਂ ਵੀ ਕੀਤੀ ਜਾ ਸਕਦੀ ਹੈ। ਪਰੰਤੂ ਕਈ ਵਾਰ ਰਿਕਾਰਡਿੰਗ ਚਲ ਰਹੀ ਹੋਵੇ ਅਤੇ ਵਿਚ ਹੀ ਤੁਹਾਨੂੰ ਕੋਈ ਫੋਨ ਕਾਲ ਆ ਜਾਂਦੀ ਹੈ ਤਾਂ ਸੰਬੰਧਿਤ ਰਿਕਾਰਡਿੰਗ ਵਿਚ ਰੁਕਾਵਟ ਪੈ ਜਾਂਦੀ ਹੈ। ਵੀਡੀਓ ਬਣਾਉਣ ਸਮੇਂ ਵੀ ਇਹ ਸਮੱਸਿਆ ਦਰਪੇਸ਼ ਆ ਸਕਦੀ ਹੈ ਜੋ ਮੋਬਾਇਲ ਫੋਨ ਦੀ ਖੋਜ ਦੇ ਸੰਦ ਵਜੋਂ ਇਕ ਸੀਮਾ ਬਣ ਜਾਂਦੀ ਹੈ। ਕਈ ਵਾਰ ਸੂਚਕਾਂ ਨਾਲ ਫੋਨ ਤੇ ਗੱਲ ਕਰਕੇ ਵੀ ਕਈ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਹਵਾਲੇ

[ਸੋਧੋ]
  1. "ਦੋ ਸ਼ਬਦ, ਜੋਗਿੰਦਰ ਸਿੰਘ ਕੈਰੋਂ /ਪੰਜਾਬੀ ਲੋਕਧਾਰਾ:ਸਮੱਗਰੀ ਤੇ ਪੇਸ਼ਕਾਰੀ-ਡਾ. ਰੁਪਿੰਦਰ ਕੌਰ, ਪੰਨਾ-12" (PDF). Archived from the original (PDF) on 2021-05-08. Retrieved 2012-11-19. {{cite web}}: Unknown parameter |dead-url= ignored (|url-status= suggested) (help)
  2. ਬਲਬੀਰ ਸਿੰਘ ਪੂਨੀ, ਲੋਕਧਾਰਾ, ਵਾਰਿਸ ਸ਼ਾਹ, ਫਾਉਂਡੇਸ਼ਨ, ਅੰਮ੍ਰਿਤਸਰ, 1993, ਪੰਨਾ 9.
  3. ਡਾ. ਸੋਹਿੰਦਰ ਸਿੰਘ ਬੇਦੀ,ਲੋਕਧਾਰਾ ਤੇ ਸਾਹਿਤ,ਲਾਹੌਰ ਬੁੱਕ ਸ਼ਾਪ, ਲੁਧਿਆਣਾ, 1986, ਪੰਨਾ 28-29.
  4. ਡਾ. ਭੁਪਿੰਦਰ ਸਿੰਘ ਖਹਿਰਾ, ਲੋਕਧਾਰਾ ਭਾਸ਼ਾ ਤੇ ਸਭਿਆਚਾਰ, ਪੰਨਾ 5.
  5. ਡਾ. ਸੋਹਿੰਦਰ ਸਿੰਘ ਬੇਦੀ, ਉਹੀ, ਪੰਨਾ 14.
  6. 6 ਭੂਪਿੰਦਰ ਸਿੰਘ ਖਹਿਰਾ, ਲੋਕਧਾਰਾ ਭਾਸ਼ਾ ਅਤੇ ਸਭਿਆਚਾਰ, ਪੈਪਸੂ ਬੁੱਕ ਡਿਪੂ ਪਟਿਆਲਾ, 1989, ਪੰਨਾ. 24
  7. 7. ਸੁਹਿੰਦਰ ਸਿੰਘ ਬੇਦੀ ਲੋਕਧਾਰਾ ਦਾ ਮਹੱਤਵ, ਲੋਕਯਾਨ ਅਧਿਐਨ (ਸੰਪਾਦਕ) ਕਰਨੈਲ ਸਿੰਘ ਥਿੰਦ, ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਵਿਭਾਗ: ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਨਾ ਨੰ. 23
  8. 8. ਉਹੀ, ਪੰਨਾ 24<br /
  9. <page no. 192>
  10. <page no.193>
  11. <page no.194>
  12. <page no.195>
  13. <page no. 197>
  14. <page no.201>
  15. <page no.203>
  16. <page no.204>
  17. <page no.210>
  18. ਬੇਦੀ, ਸੋਹਿੰਦਰ ਸਿੰਘ (1973). ਪੰਜਾਬ ਦੀ ਲੋਕ- ਧਾਰਾ. ਦਿੱਲੀ: ਨਵਯੁੱਗ ਪਬਲਿਸ਼ਰਜ਼, ਚਾਂਦਨੀ ਚੌਂਕ. pp. 40–50.
  19. ਥਿੰਦ, ਕਰਨੈਲ ਸਿੰਘ (1973). ਲੋਕਯਾਨ ਅਤੇ ਮੱਧਕਾਲੀਨ ਪੰਜਾਬੀ ਸਾਹਿਤ. ਅੰਮ੍ਰਿਤਸਰ: ਰਵੀ ਸਾਹਿਤ ਪ੍ਰਕਾਸ਼ਨ. pp. 225–226. ISBN 978-81-7143-555-5.
  20. 9. ਕਰਨੈਲ ਸਿੰਘ ਥਿੰਦ, ਪੰਜਾਬ ਦਾ ਲੋਕ ਵਿਰਸਾ ਭਾਗ ਪਹਿਲਾ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ 91,92,93
  21. ਡਾ. ਵਣਜਾਰਾ ਬੇਦੀ , (ਸੰਪਾਦਕ) ਲੋਕ ਪਰੰਪਰਾ ਅਤੇ ਸਾਹਿਤ , ਪਰੰਪਰਾ ਪ੍ਰਕਾਸ਼ਨ , ਨਵੀਂ ਦਿੱਲੀ , 1978 , ਪੰਨਾ-5
  22. ਡਾ. ਨਾਹਰ ਸਿੰਘ ਲੋਕ ਕਾਵਿ ਦੀ ਸਿਰਜਨ ਪ੍ਰਕਿਰਿਆ , ਲੋਕਗੀਤ ਪ੍ਰਕਾਸ਼ਨ , ਚੰਡੀਗੜ੍ਹ 2006 , ਪੰਨਾ 11
  23. ਡਾ. ਨਾਹਰ ਸਿੰਘ ਪੰਜਾਬੀ ਲੋਕਧਾਰਾ ਅਧਿਐਨ ਨੂੰ ਵਣਜਾਰਾ ਬੇਦੀ ਦੀ ਦੇਣ , ਲੋਕ ਵੇਦੀ ਡਾ. ਵਣਜਾਰਾ ਬੇਦੀ ਸੰਪਾਦਕ ਡਾ. ਦੇਵਿੰਦਰ ਕੌਰ ਤੇ ਹੋਰ , ਪੰਜਾਬੀ ਅਕਾਦਮੀ ਦਿੱਲੀ , 1986 ,ਪੰਨਾ 88
  24. ਡਾ. ਸੁਰਜੀਤ ਸਿੰਘ ਭੱਟੀ , ਪਰੰਪਰਾ : ਪੁਨਰ ਚਿੰਤਨ , ਚੇਤਨਾ ਪ੍ਰਕਾਸ਼ਨ , ਲੁਧਿਆਣਾ , 2003 , ਪੰਨਾ 145
  25. ਡਾ. ਗੁਰਮੀਤ ਸਿੰਘ , ਲੋਕਧਾਰਾ ਪਰੰਪਰਾ ਤੇ ਆਧੁਨਿਕਤਾ , ਨਾਨਕ ਸਿੰਘ ਪੁਸਤਕਮਾਲਾ , ਅੰਮ੍ਰਿਤਸਰ , 2006 ,ਪੰਨਾ 7
  26. ਨਾਹਰ ਸਿੰਘ, ਨਾਹਰ ਸਿੰਘ (ਡਾ.) (1986). ਪੰਜਾਬੀ ਲੋਕਧਾਰਾ ਅਧਿਐਨ ਨੂੰ ਵਣਜਾਰਾ ਬੇਦੀ ਦੀ ਦੇਣ. ਦਿੱਲੀ: ਪੰਜਾਬੀ ਅਕਾਦਮੀ. p. 88.
  27. ਡਾ. ਵਣਜਾਰਾ ਬੇਦੀ (ਸੰਪਾਦਕ) ਲੋਕ ਪਰੰਪਰਾ ਅਤੇ ਸਾਹਿਤ , ਪਰੰਪਰਾ ਪ੍ਰਕਾਸ਼ਨ , ਨਵੀਂ ਦਿੱਲੀ , 1978 , ਪੰਨਾ 1
  28. ਡਾ. ਵਣਜਾਰਾ ਬੇਦੀ , ਲੋਕਧਾਰਾ ਅਤੇ ਸਾਹਿਤ , ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ , ਨਵੀਂ ਦਿੱਲੀ , 1977 , ਪੰਨਾ 11

29. ਡਾ. ਗੁਰਪ੍ਰੀਤ ਕੌਰ, ਪੰਜਾਬੀ ਲੋਕਧਾਰਾ ਸਿਧਾਂਤ ਤੇ

ਵਿਹਾਰ

30. ਡਾ.ਗੁਰਪ੍ਰੀਤ ਕੌਰ, ਪੰਜਾਬੀ ਲੋਕਧਾਰਾ ਸਿਧਾਂਤ ਤੇ ਵਿਹਾਰ